ਨਵੀਂ ਦਿੱਲੀ : ਪਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜਾਰੀ ਹਿੰਸਾ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਫ਼ੋਨ ’ਤੇ ਗੱਲ ਕੀਤੀ ਅਤੇ ਰਾਜ ਵਿਚ ਫੈਲੀ ਹਿੰਸਾ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਧਨਖੜ ਨੇ ਕਿਹਾ, ‘ਮੋਦੀ ਨੇ ਫ਼ੋਨ ਕੀਤਾ ਸੀ ਅਤੇ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ’ਤੇ ਡੂੰਘੀ ਨਾਰਾਜ਼ਗੀ ਅਤੇ ਚਿੰਤਾ ਪ੍ਰਗਟ ਕੀਤੀ। ਮੈਂ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਰਾਜ ਵਿਚ ਭੰਨਤੋੜ, ਲੁੱਟ ਅਤੇ ਹਤਿਆਵਾਂ ਦਾ ਦੌਰ ਜਾਰੀ ਹੈ।’ ਉਧਰ ਭਾਜਪਾ ਪ੍ਰਧਾਨ ਜੇ ਪੀ ਨੱਡਾ ਸੋਮਵਾਰ ਨੂੰ ਬੰਗਾਲ ਪਹੁੰਚੇ ਸਨ। ਭਾਜਪਾ ਨੇ ਅਪਣੇ ਕਾਰਕੁਨਾਂ ਵਿਰੁਧ ਹਿੰਸਾ ਦੇ ਵਿਰੋਧ ਵਿਚ 5 ਮਈ ਨੂੰ ਦੇਸ਼ਵਿਆਪੀ ਅੰਦੋਲਨ ਦਾ ਐਲਾਨ ਕੀਤਾ ਹੈ। ਨੱਡਾ ਨੇ ਕਿਹਾ ਕਿ ਭਾਰਤ ਦੀ ਵੰਡ ਸਮੇਂ ਅਜਿਹੀ ਹਿੰਸਾ ਵਾਪਰੀ ਸੀ। ਉਨ੍ਹਾਂ ਕਿਹਾ ਕਿ ਉਹ ਜੰਗ ਲਈ ਤਿਆਰ ਹਨ। ਹਿੰਸਾ ਵਿਚ ਹੁਣ ਤਕ 12 ਜਣੇ ਮਾਰੇ ਗਏ ਹਨ।