ਕੋਲਕਾਤਾ : ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਅਹੁਦੇ ਦੇ ਸਹੁੰ ਚੁਕਾਈ। ਕੋਲਕਾਤਾ ਵਿਖੇ ਰਾਜਭਵਨ ’ਚ ਸਾਦੇ ਸਮਾਰੋਹ ’ਚ ਮਮਤਾ ਬੈਨਰਜੀ ਨੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕੀ। ਕੋਰੋਨਾ ਕਾਲ ਅਤੇ ਉਸ ਦੇ ਦਿਸ਼ਾ-ਨਿਰਦੇਸ਼ ਦੀ ਵਜ੍ਹਾ ਕਰ ਕੇ ਸਹੁੰ ਚੁੱਕ ਸਮਾਰੋਹ ਛੋਟਾ ਹੀ ਰੱਖਿਆ ਗਿਆ। ਅਜੇ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਨਹੀਂ ਹੋਇਆ। ਮਮਤਾ ਬੈਨਰਜੀ ਨੇ ਇਕੱਲੇ ਹੀ ਸਹੁੰ ਚੁੱਕੀ ਹੈ। ਉਨ੍ਹਾਂ ਨਾਲ ਕਿਸੇ ਵੀ ਮੰਤਰੀ ਨੇ ਸਹੁੰ ਨਹੀਂ ਚੁੱਕੀ। ਇਸ ਦੌਰਾਨ ਮੰਚ ’ਤੇ ਮਮਤਾ ਬੈਨਰਜੀ ਅਤੇ ਰਾਜਪਾਲ ਜਗਦੀਪ ਧਨਖੜ ਹੀ ਨਜ਼ਰ ਆਏ। ਇਸ ਸਹੁੰ ਚੁੱਕ ਸਮਾਗਮ ਵਿਚ ਟੀ. ਐੱਮ. ਸੀ. ਦੇ ਚੁਣਾਵੀ ਰਣਨੀਤੀਕਾਰ ਰਹੇ ਪ੍ਰਸ਼ਾਤ ਕਿਸ਼ੋਰ ਮੌਜੂਦ ਰਹੇ। ਇਸ ਤੋਂ ਇਲਾਵਾ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ, ਪ੍ਰਦੀਪ ਭੱਟਾਚਾਰੀਆ ਅਤੇ ਕੁਝ ਟੀ. ਐੱਮ. ਸੀ. ਵਿਧਾਇਕ ਇਸ ਸਮਾਰੋਹ ’ਚ ਪਹੁੰਚੇ। ਭਾਜਪਾ ਨੇ ਇਸ ਸਮਾਰੋਹ ਦਾ ਬਾਇਕਾਟ ਕੀਤਾ ਅਤੇ ਕੋਈ ਉਦਯੋਗਪਤੀ ਇਸ ਸਮਾਰੋਹ ਦਾ ਹਿੱਸਾ ਨਹੀਂ ਬਣਿਆ।