ਪਾਕਿਸਤਾਨ : ਪਾਕਿਸਤਾਨ ਦੇ ਗਵਾਦਰ ’ਚ ਸਵੇਰੇ ਇੱਕ ਅਣਪਛਾਤੇ ਹਮਲਾਵਾਰ ਨੇ 7 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਹਮਲੇ ਦੇ ਸਮੇਂ ਮ੍ਰਿਤਕ ਸੌਂ ਰਹੇ ਸੀ। ਗੋਲੀਬਾਰੀ ’ਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਹੈ। ਮ੍ਰਿਤਕ ਪੰਜਾਬ, ਪਾਕਿਸਤਾਨ ਦੇ ਰਹਿਣ ਵਾਲੇ ਸਨ। ਗਵਾਦਰ ਸਟੇਸ਼ਨ ਦੇ ਐਸਐਚਓ ਮੋਹਸਿਨ ਅਲੀ ਨੇ ਕਿਹਾ ਹੈ ਕਿ ਸਵੇਰ ਨੂੰ ਹਮਲਾਵਰ ਨੇ ਮ੍ਰਿਤਕ ਦੇ ਘਰ ਵਿੱਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਉਸਦਾ ਘਰ ਗਵਾਦਰ ਤੋਂ 25 ਕਿਲੋਮੀਟਰ ਦੂਰ ਸੀ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਦੇਸ਼ ਦੇ ਦੁਸ਼ਮਣਾਂ ਦੀ ਕਾਇਰਤਾ ਭਰੀ ਕਾਰਵਾਈ ਕਰਾਰ ਦਿੱਤਾ ਹੈ। ਸੂਤਰਾਂ ਮੁਤਾਬਕ ਹਮਲੇ ਦਾ ਇੱਕ ਕਾਰਨ ਗਵਾਦਰ ਵਿੱਚ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਬਣਿਆ ਪਾਕਿਸਤਾਨ ਦਾ ਸਭ ਤੋਂ ਵੱਡਾ ਆਰਥਿਕ ਗਲਿਆਰਾ ਹੈ। ਦਰਅਸਲ, ਵੱਖਵਾਦੀ ਲੰਬੇ ਸਮੇਂ ਤੋਂ ਬਲੋਚਿਸਤਾਨ ਵਿੱਚ ਕੁਦਰਤੀ ਸਰੋਤਾਂ ਵਿੱਚ ਵੱਧ ਹਿੱਸੇਦਾਰੀ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਲੜ ਰਹੇ ਹਨ। ਅਜਿਹੇ ’ ਚ ਉਨ੍ਹਾਂ ਦਾ ਦੋਸ਼ ਹੈ ਕਿ ਚੀਨੀ ਕੰਪਨੀਆਂ ਉਨ੍ਹਾਂ ਦੇ ਸਰੋਤਾਂ ’ਤੇ ਕਬਜ਼ਾ ਕਰ ਰਹੀਆਂ ਹਨ। ਗਵਾਦਰ ਬਲੋਚਿਸਤਾਨ ਸੂਬੇ ਦੇ ਦੱਖਣ ਪੱਛਮੀ ਖੇਤਰ ਵਿੱਚ ਸਥਿਤ ਹੈ। ਇਸ ਸ਼ਹਿਰ ਦੀਆਂ ਸਰਹੱਦਾਂ ਅਫਗਾਨਿਸਤਾਨ ਅਤੇ ਈਰਾਨ ਨਾਲ ਲੱਗਦੀਆਂ ਹਨ। ਇਸ ਹਮਲੇ ਤੋਂ ਪਹਿਲਾਂ ਵੀ ਬਲੋਚ ਲਿਬਰੇਸ਼ਨ ਆਰਮੀ ਨੇ ਇਸੇ ਤਰ੍ਹਾਂ ਇਲਾਕੇ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਸੀ।