ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵੱਲੋਂ ਪੰਜਾਬੀ ਦੇ ਸਿਰਮੌਰ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦੇਣ ਹਿਤ ਵਿਸ਼ੇਸ਼ ਇਕੱਤਰਤਾ ਕਰਵਾਈ ਗਈ। ਵਿਭਾਗ ਮੁਖੀ ਡਾ. ਜਯੋਤੀ ਪੁਰੀ ਵੱਲੋਂ ਡਾ. ਪਾਤਰ ਦੀ ਰਚਨਾ ‘ਪੁਲ’ ਪੇਸ਼ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਾਤਰ ਸਾਹਿਬ ਪੰਜਾਬੀ ਕਵਿਤਾ ਦੇ ਬਾਬਾ ਬੋਹੜ ਸਨ। ਉਨ੍ਹਾਂ ਕਿਹਾ ਕਿ ਡਾ.ਪਾਤਰ ਦੀ ਸ਼ਾਇਰੀ ਜਿੱਥੇ ਇੱਕ ਪਾਸੇ ਸਰਬ-ਵਿਆਪੀ ਸਰੋਕਾਰਾਂ ਨਾਲ਼ ਲਬਰੇਜ ਹੈ ਉੱਥੇ ਹੀ ਇਸ ਵਿੱਚ ਵਿਸ਼ੇਸ਼ ਸਥਾਨਕ ਰੰਗਤ ਹੈ ਜੋ ਇਸ ਨੂੰ ਅਮੀਰੀ ਬਖਸ਼ਦੀ ਹੈ।
ਡੀਨ ਭਾਸ਼ਾਵਾਂ ਡਾ. ਰਾਜੇਸ਼ ਕੁਮਾਰ ਨੇ ਆਪਣੀਆਂ ਨਿੱਜੀ ਯਾਦਾਂ ਦੇ ਹਵਾਲਿਆਂ ਨਾਲ਼ ਉਨ੍ਹਾਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਉਹ ਵਿਸ਼ਵ ਪੱਧਰ ਦੀ ਕਵਿਤਾ ਨਾਲ਼ ਜੁੜੇ ਹੋਏ ਸਨ। ਉਨ੍ਹਾਂ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਡਾ. ਪਾਤਰ ਦੀ ਪ੍ਰਤਿਭਾ ਬੇਮਿਸਾਲ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਹੁੰਚ ਗ਼ੈਰ-ਪੰਜਾਬੀਆਂ ਤੱਕ ਓਨੀ ਨਹੀਂ ਬਣੀ ਸਕੀ ਜਿੰਨੀ ਦੇ ਕਿ ਉਹ ਹੱਕਦਾਰ ਸਨ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਹੈ ਕਿ ਸਾਡੇ ਕੋਲ਼ ਚੰਗੇ ਅਨੁਵਾਦਕਾਂ ਦੀ ਘਾਟ ਹੈ। ਵਿਭਾਗ ਦੇ ਖੋਜਾਰਥੀਆਂ ਵੱਲੋਂ ਵੀ ਪਾਤਰ ਸਾਹਿਬ ਦੀਆਂ ਰਚਨਾਵਾਂ ਸੁਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਖੋਜਾਰਥੀ ਜਤਿੰਦਰ ਕੁਮਾਰ ਵੱਲੋਂ ‘ਇੱਕ ਦਿਨ ਮੈਂ ਇੱਕ ਦਿਨ ਫੇਰ ਆਉਣਾ ਹੈ’ ਕਵਿਤਾ ਸੁਣਾਈ ਗਈ।