ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰ ਸਰਕਾਰ ਨਾਲ ਅੰਦਰਖਾਤੇ ਯਾਰੀ ਨਿਭਾਕੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣ ਲਈ ਨਹਿਰੀ ਮਹਿਕਮੇ ਦੇ ਪਟਵਾਰੀਆਂ ਤੋਂ ਝੂਠੇ ਅੰਕੜੇ ਤਿਆਰ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨਹਿਰੀ ਮਹਿਕਮੇ ਦੇ ਅਧਿਕਾਰੀ ਇਹ ਝੂਠੇ ਅੰਕੜੇ ਤਿਆਰ ਕਰਨ ਤੋਂ ਮਨ੍ਹਾ ਕਰ ਰਹੇ ਹਨ, ਉਨ੍ਹਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ ਜੋ ਕਿ ਬੇਹੱਦ ਨਿੰਦਣਯੋਗ ਹੈ। ਕਿਸਾਨ ਆਗੂ ਚੱਠਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੋਕੀ ਸ਼ੋਹਰਤ ਖੱਟਣ ਦੇ ਚੱਕਰ ਵਿੱਚ ਪੰਜਾਬ ਨੂੰ ਰੇਗਿਸਤਾਨ ਬਣਾਉਣਾ ਚਾਹੁੰਦਾ ਹੈ, ਮੁੱਖ ਮੰਤਰੀ ਨੂੰ ਪੰਜਾਬ ਨਾਲ ਗਦਾਰੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਪੰਜਾਬ ਦੇ ਰਜਬਾਹੇ,ਮਾਈਨਰਾਂ 'ਚ ਪਾਣੀ ਜੋ 21 ਫ਼ੀਸਦੀ ਪਾਇਆ ਗਿਆ ਸੀ ਉਸਨੂੰ 100 ਫ਼ੀਸਦੀ ਲਿਖਣ ਦੇ ਹੁਕਮ ਦਿੱਤੇ ਗਏ ਪਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਪਟਵਾਰੀਆਂ ਨੇ ਲਿਖਣ ਤੋਂ ਮਨ੍ਹਾ ਕਰ ਦਿੱਤਾ। ਚੱਠਾ ਨੇ ਕਿਹਾ ਕਿ ਇਸ ਗੱਲ ਤੋਂ ਗੁੱਸੇ ਚ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਮੁਅੱਤਲ ਕਰਕੇ 250 ਮੁਲਾਜ਼ਮਾਂ ਨੂੰ ਚਾਰਜਸ਼ੀਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨੂੰ ਇੱਕ ਅਜਿਹੀ ਰਿਪੋਰਟ ਦਿਖਾਉਣਾ ਚਾਹੁੰਦੀ ਹੈ ਜਿਸ 'ਚ ਸੁਪਰੀਮ ਕੋਰਟ ਨੂੰ ਲੱਗੇ ਕਿ ਪੰਜਾਬ ਕੋਲ ਤਾਂ ਬਹੁਤ ਵਾਧੂ ਪਾਣੀ ਹੈ ਅਤੇ ਨਤੀਜੇ ਵਜੋਂ ਪੰਜਾਬ ਦਾ ਪਾਣੀ ਹੋਰ ਸੂਬਿਆਂ ਨੂੰ ਦਿੱਤਾ ਜਾ ਸਕੇ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਦੀ ਬਜਾਏ ਸ਼ਾਰਦਾ ਯਮਨਾ ਲਿੰਕ ਤੇ ਕੰਮ ਸ਼ੁਰੂ ਕਰੇ ।ਜਿਸ ਨਾਲ ਉੱਤਰ ਪ੍ਰਦੇਸ਼,ਹਰਿਆਣਾ, ਪੰਜਾਬ,ਰਾਜਸਥਾਨ ਨੂੰ ਵਾਧੂ ਪਾਣੀ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਸੱਚੀ ਲੜਾਈ ਲੜ ਰਹੇ ਨਹਿਰੀ ਅਧਿਕਾਰੀਆਂ ਤੇ ਪਟਵਾਰੀਆਂ ਨਾਲ ਬੀਕੇਯੂ ਏਕਤਾ ਸਿੱਧੂਪੁਰ ਡਟਕੇ ਖੜੇਗੀ।