ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਇਆ ਗਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ।
ਡਾ. ਪਰਮਿੰਦਰਜੀਤ ਕੌਰ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ ਸਮੁੱਚੀ ਯੂਨੀਵਰਸਿਟੀ ਵਿੱਚੋ ਅਧਿਆਪਨ/ਗ਼ੈਰ-ਅਧਿਆਪਨ, ਕਰਮਚਾਰੀਆਂ ਅਤੇ ਵਿਦਿਆਰਥੀ ਵਰਗ ਨੇ ਭਰਪੂਰ ਲਾਭ ਉਠਾਇਆ। ਪੰਜਾਬੀ ਭਾਸ਼ਾ ਵਿਕਾਸ ਵਿਭਾਗ (ਪੰਜਾਬੀ ਭਵਨ) ਵਿਖੇ ਲੱਗੀਆਂ ਮੈਡੀਟੇਸ਼ਨ ਦੀਆਂ ਕਲਾਸਾਂ ਦੌਰਾਨ ਹਾਰਟਫੁੱਲਨੈੱਸ ਇੰਸਟੀਚਿਊਟ (ਪਟਿਆਲਾ ਸ਼ਾਖ਼ਾ) ਤੋਂ ਪਹੁੰਚੇ ਟ੍ਰੇਨਰ ਅਤੇ ਜੋਨਲ ਇੰਚਾਰਜ ਸ੍ਰੀ ਮੁਕੇਸ਼ ਗੁਪਤਾ ਅਤੇ ਉਹਨਾਂ ਦੀ ਟੀਮ ਨੇ ਸਿਖਿਆਰਥੀਆਂ ਨੂੰ ਮੈਡੀਟੇਸ਼ਨ ਕਰਵਾਉਂਦਿਆਂ ਦੱਸਿਆ ਕਿ ਪ੍ਰਾਚੀਨ ਕਾਲ ਤੋਂ ਹੀ ਸਾਡੀਆਂ ਧਾਰਮਿਕ ਪਰੰਪਰਾਵਾਂ ਅਤੇ ਮਾਨਤਾਵਾਂ ਵਿੱਚ ਧਿਆਨ ਲਗਾਉਣ ਭਾਵ ਮੈਡੀਟੇਸ਼ਨ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਜੇਕਰ ਅਸੀਂ ਰੋਜ਼ ਮੈਡੀਟੇਸ਼ਨ ਕਰੀਏ ਤਾਂ ਸਾਨੂੰ ਮਾਨਸਿਕ ਸੰਤੁਲਨ ਬਣਾਈ ਰੱਖਣ ਵਿੱਚ ਭਰਪੂਰ ਮਦਦ ਮਿਲਦੀ ਹੈ ਤੇ ਅਸੀਂ ਮਾਨਸਿਕ ਅਤੇ ਸਰੀਰਕ ਪੱਧਰ ’ਤੇ ਆਪਣੇ-ਆਪ ਨੂੰ ਤੰਦਰੁਸਤ ਮਹਿਸੂਸ ਕਰਦੇ ਹਾਂ। ਸ੍ਰੀ ਮੁਕੇਸ਼ ਗੁਪਤਾ ਨੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਉਹਨਾਂ ਦੀ ਟੀਮ ਨੂੰ ਸੱਦਾ ਦੇਣ ਲਈ ਵਿਭਾਗ ਦਾ ਬਹੁਤ ਧੰਨਵਾਦ ਕੀਤਾ।
ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਮੈਡੀਟੇਸ਼ਨ ਕੈਂਪ ਦੀ ਸਮਾਪਤੀ ’ਤੇ ਉਪਕੁਲਪਤੀ ਸ੍ਰੀ ਕਮਲ ਕਿਸ਼ੋਰ ਯਾਦਵ (ਆਈ.ਏ.ਐਸ.) ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰਵਾਨਗੀ ਸਦਕਾ ਵਿਭਾਗ ਇਹ ਕੈਂਪ ਆਯੋਜਿਤ ਕਰ ਸਕਿਆ। ਉਨ੍ਹਾਂ ਹਾਰਟਫੁੱਲਨੈੱਸ ਇੰਸਟੀਚਿਊਟ (ਪਟਿਆਲਾ ਸ਼ਾਖ਼ਾ) ਦੀ ਸਮੁੱਚੀ ਟੀਮ ਦਾ, ਮੈਡੀਟੇਸ਼ਨ ਦੇ ਟ੍ਰੇਨਰ ਵਜੋਂ, ਸ਼ਮੂਲੀਅਤ ਕਰਨ ਲਈ ਉਚੇਚਾ ਧੰਨਵਾਦ ਕੀਤਾ। ਉਹਨਾਂ ਸਿਖਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦਾ ਰਹੇਗਾ ਤਾਂ ਜੋ ਸਮਾਜ ਵਿੱਚ ਸਿਹਤ ਨੂੰ ਮਾਨਸਿਕ ਅਤੇ ਸਰੀਰਕ ਪੱਧਰ ’ਤੇ ਤੰਦਰੁਸਤ ਰੱਖਣ ਲਈ ਹੋਕਾ ਦਿੱਤਾ ਜਾ ਸਕੇ। ਉਹਨਾਂ ਕੈਂਪ ਨੂੰ ਸਫ਼ਲ ਬਣਾਉਣ ਲਈ ਪੂਰੀ ਯੂਨੀਵਰਸਿਟੀ ਵਿੱਚੋਂ ਸ਼ਾਮਿਲ ਹੋਏ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।