ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਦਾਸ ਨੇ ਅੱਜ ਐਲਾਨ ਕੀਤਾ ਕਿ ਰੈਪੋ ਰੇਟ ’ਤੇ 50000 ਕਰੋੜ ਰੁਪਏ ਦੇ ਆਨ-ਟੈਪ ਲਿਕਵਿਡਿਟੀ ਦਾ ਵਿੰਡੋ 31 ਮਾਰਚ, 2020 ਤਕ ਖੁਲ੍ਹਾ ਰਹੇਗਾ। ਇਸ ਸਕੀਮ ਤਹਿਤ ਬੈਂਕ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ, ਮੈਡੀਕਲ ਸੰਸਥਾਵਾਂ, ਹਸਪਤਾਲਾਂ ਅਤੇ ਮਰੀਜ਼ਾਂ ਨੂੰ ਲਿਕਵਿਡਿਟੀ ਉਪਲਭਧ ਕਰਾ ਸਕਦੇ ਹਨ। ਬੈਂਕ ਨੇ ਵੱਖ ਵੱਖ ਅਦਾਰਿਆਂ ਨੂੰ ਰਾਹਤ ਦੇਣ ਲਈ ਰੈਜ਼ੂਲਿਊਸ਼ਨ ਫ਼ਰੇਮਵਰਕ 2.0 ਦਾ ਐਲਾਨ ਕੀਤਾ ਜਿਸ ਤਹਿਤ 25 ਕਰੋੜ ਰੁਪਏ ਤਕ ਦਾ ਕਰਜ਼ਾ ਲੈਣ ਵਾਲੇ ਲੋਕ ਜਾਂ ਛੋਟੇ ਕਾਰੋਬਾਰੀ ਕਰਜ਼ਾ ਪੁਨਰਢਾਂਚਾਕਰਨ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਆਰਬੀਆੲਂ ਨੇ ਬੈਂਕ ਅਤੇ ਲੈਂਡਿੰਗ ਇੰਸਟੀਟਿਊਸ਼ਨਜ਼ ਨੂੰ ਪਲਾਨ ਵਿਚ ਸੋਧ ਕਰਨ ਅਤੇ ਮੋਰਾਟੋਰੀਅਮ ਜਾਂ ਕਿਸ਼ਤ ਭਰਨ ਤੋਂ ਛੋਟ ਵਧਾਉਣ ਦੀ ਆਗਿਆ ਦੇ ਦਿਤੀ ਹੈ। ਜੇ ਤੁਸੀਂ ਬੈਂਕ ਤੋਂ ਕਰਜ਼ਾ ਲਿਆ ਹੈ ਤਾਂ ਉਸ ’ਤੇ ਮੋਰਾਟੋਰੀਅਮ ਦੀ ਸਹੂਲਤ ਸ਼ੁਰੂ ਕਰਨ ਲਈ ਬੈਂਕਾਂ ਨੂੰ ਕਿਹਾ ਹੈ। ਹਾਲਾਂਕਿ ਇਹ ਬੈਂਕਾਂ ’ਤੇ ਨਿਰਭਰ ਹੈ ਕਿ ਉਹ ਤੁਹਾਨੂੰ ਲਾਭ ਦਿੰਦੇ ਹਨ ਜਾਂ ਨਹੀਂ ਜਾਂ ਕਿਵੇਂ ਦਿੰਦੇ ਹਨ। ਛੋਟ ਲੈਣ ਲਈ ਅਰਜ਼ੀ 30 ਸਤੰਬਰ ਤਕ ਦਿਤੀ ਜਾ ਸਕਦੀ ਹੈ। ਦਾਸ ਨੇ ਕਿਹਾ ਕਿ ਭਾਰਤ ਦੀ ਬਰਾਮਦ ਮਾਰਚ ਵਿਚ ਕਾਫ਼ੀ ਵਧੀ ਹੈ। ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਅਪ੍ਰੈਲ ਵਿਚ ਇਹ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਤੋਂ ਸਰਕਾਰੀ ਸਕਿਉਰਟੀ ਨੂੰ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਹੈ। ਆਰਬੀਆਈ ਇਸ ਰਫ਼ਤਾਰ ਨੂੰ ਜਾਰੀ ਰੱਖੇਗਾ ਤਾਕਿ ਚੰਗਾ ਮੁਨਾਫ਼ਾ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਮਾਨਸੂਨ ਚੰਗੀ ਰਹੇਗੀ ਜਿਸ ਨਾਲ ਮਹਿੰਗਾਈ ਵਿਚ ਕਮੀ ਆਵੇਗੀ।