ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਪਛਮੀ ਬੰਗਾਲ ਵਿਚ ਚੋਣ ਦੇ ਬਾਅਦ ਵਾਪਰੀ ਕਥਿਤ ਹਿੰਸਾ ਦੇ ਕਾਰਨਾਂ ਦੀ ਪੜਤਾਲ ਕਰਨ ਅਤੇ ਰਾਜ ਵਿਚ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਮੰਤਰਾਲੇ ਦੇ ਇਕ ਵਧੀਕ ਸਕੱਤਰ ਦੀ ਅਗਵਾਈ ਵਿਚ ਇਹ ਟੀਮ ਪਛਮੀ ਬੰਗਾਲ ਪਹੁੰਚ ਗਈ ਹੈ। ਪਛਮੀ ਬੰਗਾਲ ਸਰਕਾਰ ਤੋਂ ਰਾਜ ਵਿਚ ਚੋਣ ਦੇ ਬਾਅਦ ਹੋਈ ਹਿੰਸਾ ਦੀ ਵਿਸਤ੍ਰਿਤ ਰੀਪੋਰਟ ਸੌਂਪਣ ਅਤੇ ਸਮਾਂ ਗਵਾਏ ਬਿਨਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਸੀ। ਮੰਤਰਾਲੇ ਨੇ ਰਾਜ ਸਰਕਾਰ ਨੂੰ ਚੇਤਾਵਨੀ ਦਿਤੀ ਸੀ ਕਿ ਜੇ ਰਾਜ ਸਰਕਾਰ ਅਜਿਹਾ ਕਰਨ ਵਿਚ ਨਾਕਾਮ ਰਹਿੰਦੀ ਹੈ ਤਾਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।