ਮਾਲੇਰਕੋਟਲਾ : ਦੇਸ਼ ਵਿੱਚ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ l ਲੋਕ ਸਭਾ ਦੀਆਂ ਬਹੁਤੀਆਂ ਸੀਟਾਂ ਤੇ ਵੋਟਾਂ ਪੈ ਚੁੱਕੀਆਂ ਹਨ ਪਰ ਪੰਜਾਬ ਵਿੱਚ ਵੋਟਾਂ ਆਖਰੀ ਗੇੜ ਵਿੱਚ ਹੋਣ ਕਰਕੇ ਚੋਣ ਪ੍ਰਚਾਰ ਜੋਰ ਫੜ ਗਿਆ ਹੈ l ਰਾਜਨੀਤਿਕ ਪਾਰਟੀਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ l ਜਨਤਕ ਥਾਵਾਂ ਤੇ ਜਿੱਧਰ ਵੀ ਨਜ਼ਰ ਮਾਰੋ ਆਮ ਜਨਤਾ ਵਿੱਚ ਵੋਟਾਂ ਦੀ ਚਰਚਾ ਹੋ ਰਹੀ ਹੈl ਲੋਕ ਆਪਣੇ ਰਾਜਨੇਤਾਵਾਂ ਨੂੰ ਚੋਣ ਮੈਦਾਨ ਵਿੱਚ ਸਹੀ ਅਤੇ ਭਾਰੂ ਸਾਬਿਤ ਕਰਨ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ l ਕਈ ਵਾਰ ਚੋਣ ਪ੍ਰਚਾਰ ਵਿੱਚ ਵਰਤੇ ਜਾਣ ਵਾਲੇ ਵਿੰਗੇ ਟੇਢੇ ਢੰਗ ਆਪਸੀ ਸਦਭਾਵਨਾ ਦੇ ਲਈ ਮਾਰੂ ਸਾਬਿਤ ਹੁੰਦੇ ਹਨl ਇਸੇ ਵਿਸ਼ੇ ਨੂੰ ਲੈ ਕੇ ਰੋਟਰੀ ਕਲੱਬ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਸ੍ਰੀ ਰਾਸ਼ਿਦ ਸ਼ੇਖ ਨੇ ਪ੍ਰੈਸ ਦੇ ਨਾਂ ਇੱਕ ਬਿਆਨ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਲੱਗ ਕੇ ਇਸ ਹੱਦ ਤੱਕ ਭਾਵੁਕ ਨਾ ਹੋਣ ਜਿਸ ਨਾਲ ਸਾਡੇ ਭਾਈਚਾਰਕ ਰਿਸ਼ਤੇ ਖਰਾਬ ਹੋ ਜਾਣ l ਉਹਨਾ ਕਿਹਾ ਕਿ ਸਾਨੂੰ ਚੋਣ ਪ੍ਰਚਾਰ ਜਰੂਰ ਕਰਨਾ ਚਾਹੀਦਾ ਹੈ ਪਰ ਆਪਣੀ ਗੱਲ ਮਨਵਾਉਣ ਦੇ ਲਈ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਦੋਸਤਾਂ ਮਿੱਤਰਾਂ ਤੇ ਗੈਰ ਜਰੂਰੀ ਦਬਾਓ ਨਹੀਂ ਪਾਉਣਾ ਚਾਹੀਦਾ l ਸ੍ਰੀ ਸ਼ੇਖ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਆਪਣਾ ਮਤਲਬ ਕੱਢ ਕੇ ਚਲੀਆਂ ਜਾਂਦੀਆਂ ਹਨ ਪਰ ਲੋਕ ਆਪਣੇ ਸਮਾਜਿਕ ਰਿਸ਼ਤੇ ਆਉਣ ਵਾਲੇ ਲੰਮੇ ਸਮੇਂ ਲਈ ਖਰਾਬ ਕਰ ਬੈਠਦੇ ਹਨ l ਸੰਵਿਧਾਨ ਨੇ ਸਭ ਨਾਗਰਿਕਾਂ ਨੂੰ ਵੋਟ ਦਾ ਬਰਾਬਰ ਅਧਿਕਾਰ ਦਿੱਤਾ ਹੈ ਇਸ ਲਈ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਦਬਾਓ ਜਾਂ ਲਾਲਚ ਦੇ ਆਪਣੀ ਮਰਜ਼ੀ ਨਾਲ ਕੀਤੀ ਜਾਵੇ l ਉਨਾਂ ਆਮ ਜਨਤਾ ਨੂੰ ਬੇਨਤੀ ਕਰਦਿਆਂ ਕਿਹਾ ਕਿ ਪੰਜ ਸਾਲ ਲੀਡਰਾਂ ਨੂੰ ਬੁਰਾ ਭਲਾ ਬੋਲਣ ਦੀ ਬਜਾਏ ਹੁਣ ਆਪਣੀ ਵੋਟ ਦੀ ਵਰਤੋਂ ਸੋਚ ਸਮਝ ਕੇ ਅਤੇ ਜਰੂਰ ਕੀਤੀ ਜਾਵੇ l