ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਪੱਖੋਂ ਸਕੂਨ ਭਰੀ ਖ਼ਬਰ ਆਈ ਹੈ। ਮਸ਼ਹੂਰ ਵਾਇਰੋਲੋਜਿਸਟ ਡਾਕਟਰ ਗਗਨਦੀਪ ਕੰਗ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਮਈ ਦੇ ਮੱਧ ਜਾਂ ਅਖ਼ੀਰ ਤਕ ਕਮੀ ਵੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਇੰਡੀਅਨ ਵਿਮਲ ਪ੍ਰੈਸ ਕੋਰ ਦੀਆਂ ਮੈਂਬਰਾਂ ਨਾਲ ਵਰਚੁਅਲ ਬੈਠਕ ਦੌਰਾਨ ਕਿਹਾ, ‘ਮਈ ਦੇ ਅਖ਼ੀਰ ਵਿਚ ਹਾਲਾਤ ਠੀਕ ਹੋਣ ਲੱਗਣਗੇ ਹਾਲਾਂਕਿ ਕੁਝ ਅਧਿਐਨਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੋਰੋਨਾ ਵਾਇਰਸ ਦੇ ਕੇਸ ਜੂਨ ਦੀ ਸ਼ੁਰੂਆਤ ਵਿਚ ਘੱਟ ਹੋ ਸਕਦੇ ਹਨ। ਫ਼ਿਲਹਾਲ ਜੋ ਅੰਕੜੇ ਵੇਖ ਰਹੇ ਹਨ, ਉਸ ਦੇ ਆਧਾਰ ’ਤੇ ਮਈ ਮਹੀਨੇ ਦਾ ਮੱਧ ਜਾਂ ਅਖ਼ੀਰ ਵਿਚ ਕੋਰੋਨਾ ਦੇ ਮਾਮਲੇ ਘਟਣ ਦਾ ਇਕ ਢੁਕਵਾਂ ਅਨੁਮਾਨ ਕਿਹਾ ਜਾ ਸਕਦਾ ਹੈ।’ ਜ਼ਿਕਰਯੋਗ ਹੈ ਕਿ ਡਾ. ਗਗਨਦੀਪ ਇਸ ਸਮੇਂ ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਸਰਕਾਰ ਦੀ ਸਲਾਹਕਾਰ ਵਜੋਂ ਕੰਮ ਕਰ ਰਹੀ ਹੈ।