ਨਵੀਂ ਦਿੱਲੀ : ਪਿਛਲੇ ਸਾਲ ਦਸੰਬਰ ਵਿਚ ਸਰ ਗੰਗਾਰਾਮ ਹਸਪਤਾਲ ਸਮੇਤ ਕਈ ਹਸਪਤਾਲਾਂ ਵਿਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਮਿਊਕਰੋਮਾਇਸਿਸ ਨਾਮ ਦੇ ਫ਼ੰਗਲ ਇਨਫ਼ੈਕਸ਼ਨ ਦੇ ਕਾਫ਼ੀ ਕੇਸ ਵੇਖਣ ਨੂੰ ਮਿਲੇ ਸਨ। ਹੁਣ ਇਕ ਵਾਰ ਫਿਰ ਇਹ ਕੇਸ ਵਧਦੇ ਹੋਏ ਨਜ਼ਰ ਆ ਰਹੇ ਹਨ। ਡਾਕਟਰਾਂ ਮੁਤਾਬਕ ਇਹ ਫ਼ੰਗਲ ਇਨਫ਼ੈਕਸ਼ਨ ਏਨਾ ਖ਼ਤਰਨਾਕ ਹੈ ਕਿ ਜੇ ਕਿਸੇ ਨੂੰ ਵੀ ਹੋ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ। ਨਾਲ ਹੀ ਜੁਬਾੜਾ ਵੀ ਕਢਣਾ ਪੈ ਸਕਦਾ ਹੈ। ਇਸ ਹਸਪਤਾਲ ਵਿਚ ਬੀਤੇ ਦਿਨਾਂ ਦੌਰਾਨ ਮੁੜ ਇਹ ਮਾਮਲੇ ਵਧੇ ਹਨ। ਈਐਨਟੀ ਡਾ. ਮਨੀਸ਼ ਮੁੰਜਾਲ ਕਹਿੰਦੇ ਹਨ ਕਿ ਕੋਰੋਨਾ ਦੇ ਵਧਣ ਨਾਲ ਹੀ ਮੁੜ ਇਸ ਖ਼ਤਰਨਾਕ ਫੰਗਲ ਇਨਫ਼ੈਕਸ਼ਨ ਦੇ ਮਾਮਲੇ ਵਧ ਰਹੇ ਹਨ। ਪਿਛਲੇ ਦੋ ਦਿਨਾਂ ਵਿਚ ਇਸ ਇਨਫ਼ੈਕਸ਼ਨ ਤੋਂ ਪੀੜਤ 6 ਮਰੀਜ਼ਾਂ ਨੂੰ ਹਪਸਤਾਲ ਵਿਚ ਭਰਤੀ ਕੀਤਾ ਗਿਆ ਹੈ। ਪਿਛਲੇ ਸਾਲ ਵੀ ਕਈ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੇ ਗਈ ਸੀ। ਉਨ੍ਹਾਂ ਕਿਹਾ ਕਿ ਜੇ ਕੋਵਿਡ ਤੋਂ ਠੀਕ ਹੋਏ ਵਿਅਕਤੀ ਦਾ ਨੱਕ ਬੰਦ ਰਹਿੰਦਾ ਹੈ, ਅੱਖ ਜਾਂ ਗਲ੍ਹ ਵਿਚ ਸੋਜਸ਼ ਹੈ ਅਤੇ ਨੱਕ ਵਿਚ ਕਾਲੀ ਪੇਪੜੀ ਜਿਹੜਾ ਕੁਝ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।