ਪਠਾਨਕੋਟ : ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਦੋ ਸ਼ੱਕੀ ਅਤਿਵਾਦੀਆਂ ਦੇ ਪਠਾਨਕੋਟ ਵਿਚ ਦਾਖਲ ਹੋਣ ਦੀ ਸੂਹ ਮਿਲੀ ਹੈ। ਜਿਸ ਤੋਂ ਬਾਅਦ ਇਹ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਵੱਲੋਂ ਉਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਕੋਟ ਭਥੀਆਂ ਪਿੰਡ ਦੇ ਵਾਸੀ ਨੇ ਅੱਧੀ ਰਾਤ ਦੇ ਕਰੀਬ ਕੰਟਰੋਲ ਰੂਮ ਸੂਚਨਾ ਦਿੱਤੀ ਕਿ ਭਾਰੀ ਹਥਿਆਰਾਂ ਨਾਲ ਲੈਸ ਦੋ ਨਕਾਬਪੋਸ਼ ਉਸ ਦੇ ਫਾਰਮ ਹਾਊਸ ਅੰਦਰ ਜਬਰੀ ਦਾਖ਼ਲ ਹੋ ਗਏ। ਉਸ ਨੇ ਦੱਸਿਆ ਕਿ ਹਥਿਆਬੰਦ ਵਿਅਕਤੀਆਂ ਨੇ ਉਸ ਦੇ ਸਿਰ ‘ਤੇ ਬੰਦੂਕ ਰੱਖ ਦਿੱਤੀ ਤੇ ਰਾਤ ਦਾ ਖਾਣਾ ਤਿਆਰ ਕਰਨ ਲਈ ਕਿਹਾ। ਜਦੋਂ ਉਨ੍ਹਾਂ ਨੇ ਰਾਤ ਦਾ ਖਾਣਾ ਖਾ ਲਿਆ ਤਾਂ ਉਹ ਪਠਾਨਕੋਟ ਵੱਲ ਚਲੇ ਗਏ।
ਪਠਾਨਕੋਟ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਤੁਰਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਗੁਰਦਾਸਪੁਰ, ਧਾਰੀਵਾਲ, ਦੀਨਾਨਗਰ ਅਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਉਤੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਗੁਰਦਾਸਪੁਰ-ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਉਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬਟਾਲਾ ਪੁਲਿਸ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।