ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾਵਾਇਰਸ ਕਾਰਨ ਸਥਿਤੀ ਬਹੁਤ ਬੇਹਾਲ ਹੈ ਅਤੇ ਨਾਲ ਹੀ ਕਰੋਨਾ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਅਤੇ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਦੀ ਕਮੀ ਪੈਦਾ ਹੋ ਗਈ ਹੈ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਦੇ ਚਲਦਿਆਂ ਸੁਪਰੀਮ ਕੋਰਟ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਕਰੋਨਾ ਦੀ ਦੂਜੀ ਲਹਿਰ ਦੇ ਦਰਮਿਆਨ ਦੇਸ਼ ਵਿਚ ਦਵਾਈਆਂ ਅਤੇ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਸੁਪਰੀਮ ਕਰੋਟ ਨੇ ਇਕ ਟਾਸਕ ਫ਼ੋਰਸ ਬਣਾਈ ਹੈ। ਇਹ ਫ਼ੋਰਸ ਦਵਾਈਆਂ ਦੀ ਉਪਲਬੱਧਤਾ ਦੇ ਲਈ ਸੁਝਾਅ ਦੇਵੇਗੀ ਅਤੇ ਨਾਲ ਹੀ ਨਾਲ ਰਾਜਾਂ ਨੂੰ ਆਕਸੀਜਨ ਦੀ ਸਪਲਾਈ ਕਰਨ ਦਾ ਵਿਗਿਆਨਕ ਅਤੇ ਵਿਵਾਹਰਿਕ ਫ਼ਾਰਮੂਲਾ ਵੀ ਤਿਆਰ ਕਰਕੇ ਦੇਵੇਗੀ। ਜਸਟਿਸ ਡੀ.ਵਾਈ. ਚੰਦਰਚੂੁੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਹ ਹੁਕਮ ਜਾਰੀ ਕੀਤੇ ਹਨ। ਪ੍ਰਾਪਤ ਹੋਈਆਂ ਰੀਪੋਰਟਾਂ ਅਨੁਸਾਰ ਇਸ ਟਾਸਕ ਫ਼ੋਰਸ ਵਿੱਚ 12 ਮੈਂਬਰ ਰਖੇ ਗਏ ਹਨ। ਇਨ੍ਹਾਂ ਵਿਚ 10 ਦੇਸ਼ ਦੇ ਮੰਨੇ ਪ੍ਰਮੰਨੇ ਡਾਕਟਰ ਅਤੇ ਦੋ ਸਰਕਾਰ ਦੇ ਸੈਕਟਰੀ ਪੱਧਰ ’ਤੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਣ ਕਾਰਨ ਦਵਾਈਆਂ ਅਤੇ ਆਕਸੀਜਨ ਦੀ ਕਮੀ ਆ ਗਈ ਸੀ ਅਤੇ ਆਕਸੀਜਨ ਦੀ ਕਮੀ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਸਨ ਅਤੇ ਸਥਿਤੀ ਗੰਭੀਰ ਹੋ ਗਈ ਸੀ। ਇਸ ਤੋਂ ਇਲਾਵਾ ਕਈ ਸ਼ਿਕਾਇਤਾਂ ਵੀ ਸੁਪਰੀਮ ਕੋਰਟ ਵਿਚ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਟਾਸਕ ਫ਼ੋਰਸ ਤਿਆਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ 4 ਲੱਖ 1 ਹਜ਼ਾਰ 228 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3 ਲੱਖ 19 ਹਜ਼ਾਰ 469 ਦੇ ਨੇੜੇ ਹੈ। ਕਰੋਨਾਵਾਇਰਸ ਕਾਰਨ ਦੇਸ਼ ਵਿਚ 4,191 ਮੌਤਾਂ ਹੋ ਚੁੱਕੀਆਂ ਹਨ। ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਦੇਸ਼ ਵਿੱਚ ਇਕ ਦਿਨ ਵਿੱਚ ਇੰਨੀ ਵੱਡੀ ਗਿਣਤੀ ਵਿਚ ਮਾਮਲਿਆਂ ਦਾ ਆਉਣਾ ਅਤੇ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਦੀ ਗਿਣਤੀ ਬਹੁਤ ਚਿੰਤਾ ਦਾ ਵਿਸ਼ਾ ਹੈ।