ਸੁਨਾਮ : ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਸੂਰਜ ਭਾਨ ਬਬਲੀ, ਜੱਸ ਜੋਸ਼ਨ ਵਾਈਸ ਪ੍ਰਧਾਨ ਯੂਥ ਕਾਂਗਰਸ, ਅਤੇ ਧਨਜੋਤ ਸਿੰਘ ਸੇਖੋਂ ਮੀਡੀਆ ਇੰਚਾਰਜ ਨੇ ਕਿਹਾ ਕਿ ਬਰਸਾਤੀ ਮੌਸਮ ਦੀ ਸ਼ੁਰੂਆਤ ਵਿੱਚ ਸੁਨਾਮ ਵਿਖੇ ਪਏ ਮੀਂਹ ਨੇ ਪ੍ਰਸ਼ਾਸਨ ਦੇ ਪਾਣੀ ਨਿਕਾਸੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਲਗਾਤਾਰ ਘੰਟਿਆਂ ਬੱਧੀ ਹੋਈ ਬਰਸਾਤ ਕਾਰਨ ਸ਼ਹਿਰ ਅੰਦਰਲੀਆਂ ਜਨਤਕ ਥਾਵਾਂ ਪਾਣੀ ਨਾਲ ਨੱਕੋ ਨੱਕ ਭਰ ਗਈਆਂ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸੁਨਾਮ ਹਲਕੇ ਵਿੱਚ ਵਿਕਾਸ ਕਾਰਜਾਂ ਦੇ ਕੜਿੱਲ ਕੱਢਣ ਦੇ ਦਾਅਵੇ ਕਰਨ ਵਾਲਿਆਂ ਦੇ ਖੋਖਲੇ ਵਾਅਦੇ ਯਾਦ ਸਾਬਿਤ ਹੋ ਗਏ ਹਨ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਗੱਲਬਾਤ ਕਰਦਿਆਂ ਉਕਤ ਕਾਂਗਰਸ ਆਗੂਆਂ ਨੇ ਕਿਹਾ ਕਿ ਸ਼ਹਿਰ ਅੰਦਰ ਕਰੋੜਾਂ ਰੁਪਏ ਵਿਕਾਸ ਕਾਰਜਾਂ ਤੇ ਖ਼ਰਚਣ ਦੇ ਦਾਅਵੇ ਕੀਤੇ ਜਾ ਰਹੇ ਹਨ ਬਾਵਜੂਦ ਇਸਦੇ ਸ਼ਹਿਰ ਅੰਦਰ ਟੁੱਟੀਆਂ ਸੜਕਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਬਰਸਾਤ ਨਾਲ ਜਿੱਥੇ ਤਕਰੀਬਨ ਸਾਰਾ ਸ਼ਹਿਰ ਹੀ ਜਲ ਥਲ ਹੋ ਗਿਆ। ਸ਼ਹਿਰ ਦੇ ਇੰਦਰਾ ਬਸਤੀ,ਨੀਲੋਵਾਲ ਰੋਡ,ਅੰਡਰ ਬ੍ਰਿਜ, ਸਮੇਤ ਹੋਰਨਾਂ ਥਾਵਾਂ ਪਾਣੀ ਨਾਲ ਭਰ ਗਈਆਂ। ਕਾਂਗਰਸ ਆਗੂਆਂ ਨੇ ਕਿਹਾ ਕਿ ਬਰਸਾਤ ਤੋ ਪਹਿਲਾਂ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਨਾਲੇ ਅਤੇ ਸੀਵਰੇਜ ਦੀ ਸਫ਼ਾਈ ਵੱਲ ਧਿਆਨ ਨਾ ਦੇਣਾ ਅਤੇ ਸ਼ਹਿਰ ਦੀ ਸਫ਼ਾਈ ਦੇ ਸੁਚੱਜੇ ਪ੍ਰਬੰਧ ਨਾ ਹੋਣਾ ਹੀ ਪਾਣੀ ਨਿਕਾਸੀ ਦਾ ਕਾਰਨ ਮੰਨਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੌਂਸਲ ਪ੍ਰਸ਼ਾਸਨ ਬਰਸਾਤੀ ਨਾਲਿਆਂ ਦੀ ਸਫ਼ਾਈ ਨੂੰ ਯਕੀਨੀ ਬਣਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।