ਚੰਡੀਗੜ੍ਹ: ਮਾਨਸੂਨ ਵਿਭਾਗ ਨੇ ਪੰਜਾਬ ਵਿੱਚ ਅਗਲੇ ਤਿੰਨ ਦਿਨ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਭਾਵੇਂ ਪੰਜਾਬ ਵਿੱਚ ਮਾਨਸੂਨ ਦਾਖ਼ਲ ਹੋਏ ਨੂੰ ਭਾਵੇਂ ਕਈ ਦਿਨ ਬੀਤ ਚੁੱਕੇ ਹਨ ਪਰ ਮੀਂਹ ਪੰਜਾਬ ਦੇ ਕੁੱਝ ਕੁ ਜ਼ਿਲ੍ਹਿਆਂ ਵਿੱਚ ਪਿਆ ਹੈ। ਮਾਨਸੂਨ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਅਗਲੇ ਤਿੰਨ ਲਈ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸੱਤ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ. ਨਗਰ ਵਿੱਚ ਆਰੇਂਜ ਅਲਰਟ ਦੀ ਪੇਸ਼ਨਗੋਈ ਕੀਤੀ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਅਤੇ ਮਾਲੇਰਕੋਟਲਾ ਵਿੱਚ ਯੈਲੋ ਅਲਰਟ ਦੀ ਪੇਸ਼ਨਗੋਈ ਕੀਤੀ ਹੈ। ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ ਪਏ ਮੀਂਹ ਕਾਰਨ ਭਾਵੇਂ ਤਾਪਮਾਨ ਵਿੱਚ ਗਿਰਾਟ ਦਰਜ ਕੀਤੀ ਗਈ ਹੈ ਪਰ ਮੌਸਮ ਵਿੱਚ ਨਮੀ ਕਾਰਨ ਲੋਕਾਂ ਨੂੰ ਪੇ੍ਰਸ਼ਾਨੀ ਝੱਲਣੀ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਮਾਝੇ ਅਤੇ ਦੁਆਬੇ ਤੋਂ ਬਾਅਦ 1 ਜੁਲਾਈ ਨੂੰ ਮਾਲਵਾ ਵਿੱਚ ਵੀ ਮਾਨਸੂਨ ਦਸਤਕ ਦੇਵੇਗੀ। ਇਸ ਤੋਂ ਇਲਾਵਾ ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਕਰੀਬ 47 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਵੀ ਦੋ ਦਿਨ ਪਹਿਲਾਂ ਦੀ ਤਕੜੀ ਝੱਟ ਲੱਗ ਕੇ ਹਟੀ ਹੈ ਜਦਕਿ ਪੰਜਾਬ ਦੇ ਕੁੱਝ ਜ਼ਿਲ੍ਹੇ ਹਾਲੇ ਮੀਂਹ ਨੂੰ ਤਰਸ ਰਹੇ ਹਨ।