ਕਿਸਾਨਾਂ ਦੇ ਜਵਾਬ ਦੇਣ ਤੋਂ ਭੱਜੇ ਵਿੱਤ ਮੰਤਰੀ : ਰਣ ਸਿੰਘ ਚੱਠਾ
ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਮੰਤਰੀ ਅਤੇ ਵਿਧਾਇਕ ਨੀਂਹ ਪੱਥਰ ਰੱਖ ਰਹੇ ਹਨ ਇਸੇ ਦੌਰਾਨ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਸੁਨਾਮ ਨੇੜਲੇ ਪਿੰਡ ਰਾਮਗੜ੍ਹ ਜਵੰਧਾ ਦੇ ਸਰਕਾਰੀ ਸਕੂਲ ਵਿਖੇ ਪ੍ਰਸ਼ਾਸਨ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਿੱਖਿਆ ਕ੍ਰਾਂਤੀ ਤਹਿਤ ਪ੍ਰੋਗਰਾਮ ਰੱਖਿਆ ਗਿਆ ਸੀ ਲੇਕਿਨ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਕਾਰਨ ਪ੍ਰੋਗਰਾਮ ਐਨ ਮੌਕੇ ਤੇ ਰੱਦ ਕਰ ਦਿੱਤਾ ਗਿਆ ਜਦਕਿ ਉਗਰਾਹਾਂ ਸਕੂਲ ਵਿੱਚ ਪ੍ਰੋਗਰਾਮ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੂੰ ਉਨ੍ਹਾਂ ਦੇ ਜੱਦੀ ਵਿਧਾਨ ਸਭਾ ਹਲਕੇ ਵਿੱਚ ਘੇਰਨ ਅਤੇ ਉਨ੍ਹਾਂ ਤੋਂ ਸਵਾਲ ਪੁੱਛਣ ਦੀ ਯੋਜਨਾ ਬਣਾਈ ਗਈ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਵੀਰਵਾਰ ਨੂੰ ਰਸਮੀ ਤੌਰ 'ਤੇ ਐਲਾਨ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਤੋਂ ਰਾਮਗੜ੍ਹ ਜਵੰਧਾ ਆਉਣ ਮੌਕੇ ਸਵਾਲ ਪੁੱਛਣ ਦਾ ਕਿਸਾਨਾਂ ਨੂੰ ਸੱਦਾ ਦਿੱਤਾ ਸੀ, ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਰਾਮਗੜ੍ਹ ਜਵੰਧਾ ਵਿਖੇ ਇਕੱਤਰ ਹੋਏ ਪਰੰਤੂ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਦੇ ਆਉਣ ਦਾ ਪ੍ਰੋਗਰਾਮ ਆਖਰੀ ਸਮੇਂ 'ਤੇ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਕਿਸਾਨ ਗੁੱਸੇ ਵਿੱਚ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦਾਅਵਾ ਕੀਤਾ ਕਿ ਵਿੱਤ ਮੰਤਰੀ ਨੇ ਸਰਕਾਰੀ ਸਕੂਲ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਉਕਤ ਪਿੰਡ ਵਿੱਚ ਪਹੁੰਚਣਾ ਸੀ। ਪਰ ਆਖਰੀ ਸਮੇਂ 'ਤੇ ਉਕਤ ਪਿੰਡ ਵਿੱਚ ਵਿੱਤ ਮੰਤਰੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਜਦੋਂ ਕਿ ਵਿੱਤ ਮੰਤਰੀ ਨੇ ਨੇੜਲੇ ਦੋ ਪਿੰਡਾਂ ਦਾ ਦੌਰਾ ਕੀਤਾ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਹ ਪ੍ਰੋਗਰਾਮ ਪਿੰਡ ਰਾਮਗੜ੍ਹ ਜਵੰਧਾ ਵਿੱਚ ਵਿੱਤ ਮੰਤਰੀ ਤੋਂ ਬਿਨਾਂ ਆਯੋਜਿਤ ਕੀਤਾ ਗਿਆ। ਪਿੰਡ ਵਿੱਚ ਇਕੱਠੇ ਹੋਏ ਸੈਂਕੜੇ ਕਿਸਾਨ ਅਤੇ ਔਰਤਾਂ ਪ੍ਰੋਗਰਾਮ ਰੱਦ ਹੋਣ ਬਾਰੇ ਪਤਾ ਲੱਗਣ 'ਤੇ ਗੁੱਸੇ ਵਿੱਚ ਆ ਗਈਆਂ। ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਰਣ ਚੱਠਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕਰਕੇ ਬਾਰਡਰਾਂ 'ਤੇ ਚੱਲ ਰਹੇ ਅੰਦੋਲਨ ਨੂੰ ਖਤਮ ਕਰ ਦਿੱਤਾ ਹੈ। ਕਿਸਾਨਾਂ ਨਾਲ ਗੱਲ ਕਰਦੇ ਹੋਏ ਅੰਦੋਲਨ 'ਤੇ ਸਮਾਨਾਂਤਰ ਕਾਰਵਾਈ ਕਰਨਾ ਬਹੁਤ ਮੰਦਭਾਗਾ ਹੈ ਅਤੇ ਕਿਸਾਨਾਂ ਵਿੱਚ ਸਰਕਾਰ ਵਿਰੁੱਧ ਭਾਰੀ ਗੁੱਸਾ ਹੈ। ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਮੰਤਰੀ ਹੁਣ ਆਪਣੇ ਪ੍ਰੋਗਰਾਮ ਰੱਦ ਕਰ ਰਹੇ ਹਨ। ਪਰ ਕਿਸਾਨ ਹਰ ਜ਼ੁਲਮ ਦਾ ਹਿਸਾਬ ਲੈਣਗੇ। ਸੱਤਾਧਾਰੀ ਪਾਰਟੀ ਨੂੰ ਸਵਾਲਾਂ ਤੋਂ ਭੱਜਣ ਨਹੀਂ ਦੇਵਾਂਗੇ। ਆਉਣ ਵਾਲੇ ਦਿਨਾਂ ਵਿੱਚ ਜਿੱਥੇ ਵੀ ਸਰਕਾਰੀ ਨੁਮਾਇੰਦੇ ਪਹੁੰਚਣਗੇ ਉੱਥੇ ਸਵਾਲ ਪੁੱਛੇ ਜਾਣਗੇ ਅਤੇ ਜੇਕਰ ਸਵਾਲਾਂ ਦੇ ਜਵਾਬ ਨਹੀਂ ਮਿਲੇ ਤਾਂ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜੱਗੀ ਗੰਢੂਆਂ ਬਲਾਕ ਪ੍ਰਧਾਨ, ਕੇਵਲ ਸਿੰਘ ਜਵੰਧਾ ਬਲਾਕ ਜਨਰਲ ਸਕੱਤਰ, ਰਾਮਫਲ ਸਿੰਘ ਜਲੂਰ ਜਨਰਲ ਸਕੱਤਰ ਬਲਾਕ ਲਹਿਰਾ, ਕਰਮ ਸਿੰਘ ਨਮੋਲ, ਦਲੇਲ ਸਿੰਘ ਚੱਠਾ, ਕਰਨੈਲ ਸਿੰਘ ਚੱਠਾ, ਭਗਵੰਤ ਸਿੰਘ ਮੈਦੇਵਾਸ, ਮਦਨ ਦਾਸ, ਹਰਜਿੰਦਰ ਸਿੰਘ ਮਹਿਲਾਂ, ਮਲਕੀਤ ਸਿੰਘ ਗੰਢੂਆਂ, ਨਾਹਰ ਸਿੰਘ ਕ੍ਰਿਸ਼ਨ ਦੇਵ ਸ਼ਾਹਪੁਰ, ਸਤਨਾਮ ਸਿੰਘ ਕ੍ਰਿਸ਼ਨ ਸ਼ਾਹਪੁਰ, ਕਾਲਾ ਸਿੰਘ ਜਵੰਧਾ, ਬਿੰਦਰ ਸਿੰਘ , ਨਾਇਬ ਸਿੰਘ ਜਵੰਧਾ, ਕੁਲਦੀਪ ਸਿੰਘ ਛਾਜਲਾ, ਭੀਮ ਸਿੰਘ ਜਲੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਔਰਤਾਂ ਹਾਜ਼ਰ ਸਨ।