ਆਪਣੇ ਕੰਮਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਣ ਵਾਲੇ ਲੋਕਾਂ ਦਾ ਕੀਤਾ ਜਾ ਰਿਹੈ ਮਾਰਗ ਦਰਸ਼ਨ
ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ
ਫ਼ਤਹਿਗੜ੍ਹ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਵਾਸਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਤਾ ਕੇਂਦਰ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ ਅਤੇ ਲੋਕਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਪਹਿਲਾਂ ਆਪਣੇ ਕੰਮਾਂ ਲਈ ਡੀ.ਸੀ. ਦਫ਼ਤਰ ਵਿਖੇ ਆਉਣ ਵਾਲੇ ਆਮ ਨਾਗਰਿਕਾਂ ਨੂੰ ਸਬੰਧਤ ਵਿਭਾਗ ਦੇ ਅਧਿਕਾਰੀ ਨਾਲ ਮਿਲਣ ਲਈ ਗੇੜੇ ਮਾਰਨੇ ਪੈਂਦੇ ਸਨ ਪ੍ਰੰਤੂ ਹੁਣ ਸਹਾਇਤਾ ਕੇਂਦਰ ਵਿਖੇ ਤਾਇਨਾਤ ਕਰਮਚਾਰੀ ਲੋਕਾਂ ਨੂੰ ਸਬੰਧਤ ਅਧਿਕਾਰੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਕੰਮਾਂ ਲਈ ਆਉਣ ਵਾਲੇ ਨਾਗਰਿਕ ਸਹਾਇਤਾ ਕੇਂਦਰ ਵਿਖੇ ਆਪਣੀਆਂ ਸਮੱਸਿਆਵਾਂ ਬਾਰੇ ਦੱਸ ਦਿੰਦੇ ਹਨ ਅਤੇ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਵੱਲੋਂ ਸਬੰਧਤ ਵਿਅਕਤੀ ਦਾ ਨਾਮ, ਉਸ ਦਾ ਮੋਬਾਇਲ ਨੰਬਰ ਤੇ ਕਰਵਾਏ ਜਾਣ ਵਾਲੇ ਕੰਮ ਦਾ ਵੇਰਵਾ ਦਰਜ਼ ਕਰਕੇ ਉਸ ਨੂੰ ਸਬੰਧਤ ਵਿਭਾਗ ਵਿੱਚ ਭੇਜ ਦਿੰਦੇ ਹਨ। ਇਸ ਨਾਲ ਜਿਥੇ ਲੋਕਾਂ ਦੀ ਖੱਜਲ ਖੁਆਰੀ ਰੁਕੀ ਹੈ ਉਥੇ ਹੀ ਲੋਕਾਂ ਦਾ ਸਮਾਂ ਵੀ ਬੱਚਦਾ ਹੈ।
ਸਹਾਇਤਾ ਕੇਂਦਰ ਵਿਖੇ ਆਪਣੇ ਕੰਮਾਂ ਲਈ ਆਉਣ ਵਾਲੀ ਪਿੰਡ ਲੁਹਾਰ ਮਾਜਰਾ ਦੀ ਕਿਰਨਦੀਪ ਕੌਰ, ਮੁੱਲਾਂਪੁਰ ਦਾਖਾਂ ਦੇ ਸੱਜਣ ਸਿੰਘ, ਪਿੰਡ ਢਕਾਂਸੂ ਦੀ ਪਰਮਜੀਤ ਕੌਰ, ਸੰਗਤਪੁਰ ਸੋਢੀਆਂ ਦੇ ਦਵਿੰਦਰ ਕੁਮਾਰ, ਪਿੰਡ ਰਿਊਣਾ ਉੱਚਾ ਤੋਂ ਜਗਜੀਤ ਸਿੰਘ ਤੇ ਪਿੰਡ ਜਲਵੇੜਾ ਦੇ ਗੱਜਣ ਸਿੰਘ ਨੇ ਕਿਹਾ ਕਿ ਪਹਿਲਾਂ ਜਦੋਂ ਵੀ ਉਹ ਆਪਣੇ ਕੰਮਾਂ ਲਈ ਡੀ.ਸੀ. ਦਫ਼ਤਰ ਵਿਖੇ ਆਉਂਦੇ ਸਨ ਤਾਂ ਸਬੰਧਤ ਵਿਭਾਗ ਦੇ ਅਧਿਕਾਰੀ ਬਾਰੇ ਜ਼ਿਆਦਾ ਕੁਝ ਨਾ ਪਤਾ ਹੋਣ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ ਅਤੇ ਉਹ ਸਬੰਧਤ ਅਧਿਕਾਰੀ ਨਾਲ ਮਿਲਣ ਵਾਸਤੇ ਦਫ਼ਤਰਾਂ ਦੇ ਗੇੜੇ ਮਾਰਦੇ ਰਹਿੰਦੇ ਸਨ, ਪ੍ਰੰਤੂ ਹੁਣ ਸਹਾਇਤਾ ਕੇਂਦਰ ਖੁਲ੍ਹਣ ਕਰਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਈ ਅਤੇ ਸਹਾਇਤਾ ਕੇਂਦਰ ਦੇ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਹਲੀਮੀ ਭਰਿਆ ਵਰਤਾਓ ਕਰਕੇ ਉਨ੍ਹਾਂ ਦੇ ਕੰਮ ਕਰਵਾਉਣ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਸਹਾਇਤਾ ਕੇਂਦਰ ਨਾਲ ਜਿਥੇ ਲੋਕਾਂ ਦੇ ਕੰਮ ਸਮੇਂ ਸਿਰ ਹੋਣਗੇ ਉਥੇ ਹੀ ਆਮ ਲੋਕਾਂ ਤੇ ਪ੍ਰਸ਼ਾਸ਼ਨ ਵਿਚਲਾ ਪਾੜ ਵੀ ਖ਼ਤਮ ਹੋਵੇਗਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਹਾਇਤਾ ਕੇਂਦਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਜਿਹੜੇ ਵੀ ਨਾਗਰਿਕ ਇਸ ਕੇਂਦਰ ਵਿਖੇ ਆਉਂਦੇ ਹਨ ਉਨ੍ਹਾਂ ਦੀ ਮੁਕੰਮਲ ਜਾਣਕਾਰੀ ਹਾਸਲ ਕਰਕੇ ਸਬੰਧਤ ਅਧਿਕਾਰੀ ਨਾਲ ਮਿਲਾਇਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਦੱਸੇ ਕੰਮ ਜਾਂ ਮੁਸ਼ਕਲਾਂ ਤੈਅ ਸਮੇਂ ਅੰਦਰ ਨੇਪਰੇ ਚਾੜਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਦੇ ਕੰਮ ਬਿਨਾਂ ਕਿਸੇ ਦੇਰੀ ਤੋਂ ਨੇਪਰੇ ਚੜ੍ਹ ਸਕਣ। ਉਨ੍ਹਾਂ ਕਿਹਾ ਕਿ ਸਹਾਇਤਾ ਕੇਂਦਰ ਵਿਖੇ ਆਉਣ ਵਾਲੇ ਨਾਗਰਿਕਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਜਾਂ ਕੰਮਾਂ ਬਾਰੇ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਨੂੰ ਮੋਬਾਇਲ ਫੋਨ ਰਾਹੀਂ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦਾ ਸਮਾਂ ਬਰਬਾਦ ਨਾ ਹੋਵੇ। ਉਨ੍ਹਾਂ ਦੱਸਿਆ ਕਿ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਆਮ ਲੋਕਾਂ ਦੇ ਕੰਮਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕੀਤਾ ਜਾਵੇ ਅਤੇ ਲੋਕਾਂ ਦੇ ਕੰਮਾਂ ਨੂੰ ਨੇਪਰੇ ਚਾੜਨ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼੍ਰੀਮਤੀ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਘਰਾਂ ਨੇੜੇ ਕਰਨ ਦੇ ਮੰਤਵ ਨਾਲ ਹਰੇਕ ਹਫਤੇ ਵਿੱਚ ਦੋ ਵਾਰ ਵੱਖ-ਵੱਖ ਪਿੰਡਾਂ ਵਿੱਚ ਜਨ ਸੁਵਿਧਾ ਕੈਂਪ ਵੀ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹਰੇਕ ਵੀਰਵਾਰ ਵਾਲੇ ਦਿਨ ਸਵੇਰੇ 09:00 ਵਜੇ ਤੋਂ ਦੁਪਹਿਰ 01:30 ਵਜੇ ਤੱਕ ਉਹ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਤੌਰ 'ਤੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣਨਗੇ ਤਾਂ ਜੋ ਆਮ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਦੇ ਹੱਲ ਲਈ ਵੱਖ-ਵੱਖ ਦਫ਼ਤਰਾਂ ਦੇ ਗੇੜੇ ਨਾ ਮਾਰਨੇ ਪੈਣ।