ਜਲੰਧਰ : ਜਲੰਧਰ ਦੇ ਪਿੰਡ ਸੁੱਚੀ ਦੇ ਰੇਲਵੇ ਸਟੇਸ਼ਨ ਦੇ ਨੇੜੇ ਵੰਦੇ ਭਾਰਤ ਐਕਸਪ੍ਰੈਸ ’ਤੇ ਪੱਥਰਬਾਜ਼ੀ ਕੀਤੀ ਗਈ। ਵੰਦੇ ਭਾਰਤ ਐਕਸਪ੍ਰੈਸ ਵੈਸ਼ਨੋ ਦੇਵੀ ਤੋਂ ਆ ਰਹੀ ਸੀ ਅਤੇ ਨਵੀਂ ਦਿੱਲੀ ਵੱਲ ਜਾ ਰਹੀ ਸੀ। ਪੱਥਰਬਾਜ਼ੀ ਦੀ ਘਟਨਾ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਰੇਲਵੇ ਪੁਲਿਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੱਥਰਾਅ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਸਬੰਧੀ ਪੁਲਿਸ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰੇਲ ਗੱਡੀ ’ਤੇ ਪੱਥਰ ਨਹੀਂ ਲੱਗੇ ਜਿਸ ਨਾਲ ਵੱਡੀ ਘਟਨਾ ਤੋਂ ਬਚਾਅ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫ਼ਗਵਾੜਾ ਨੇੜੇ ਵੰਦੇ ਭਾਰਤ ਐਕਸਪ੍ਰੈਸ ’ਤੇ ਪਥਰਾਅ ਕੀਤਾ ਗਿਆ ਸੀ ਜਿਸ ਕਾਰਨ ਰੇਲ ਗੱਡੀ ਦੇ ਸ਼ੀਸ਼ਿਆਂ ਦਾ ਨੁਕਸਾਨ ਹੋਇਆ ਸੀ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਬਚ ਨਹੀਂ ਸਕਣਗੇ। ਪੁਲਿਸ ਵਲੋਂ ਸੀਸੀਟੀਵੀ ਫ਼ਟੇਜ ਦੀ ਸਹਾਇਤਾ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।