ਨਵੀਂ ਦਿੱਲੀ : ਕੁੱਝ ਸਮਾਂ ਪਹਿਲਾਂ ਪਹਿਲਵਾਨਾਂ ਵਿਚ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਛੇਤੀ ਹੀ ਲੁਕਆਉਟ ਨੋਟਿਸ ਜਾਰੀ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਛਤਰਸਾਲ ਸਟੇਡੀਅਮ ਵਿਚ ਭਲਵਾਨਾਂ ਦੇ ਦੋ ਗੁੱਟਾਂ ਦੇ ਵਿਚ ਹੋਈ ਲੜਾਈ ਵਿਚ ਪਹਿਲਵਾਨ ਸਾਗਰ ਦੀ ਮੌਤ ਦੇ ਮਾਮਲੇ ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ ਪਹਿਲਵਾਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲ ਰਹਾ। ਇਹ ਮੁਲਜ਼ਮ ਦੇਸ਼ ਛੱਡ ਕੇ ਨਾ ਭੱਜ ਜਾਣ, ਇਸ ਦੇ ਲਈ ਦਿੱਲੀ ਪੁਲਿਸ ਲੁਕਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਘਟਨਾ ਵਾਲੇ ਦਿਨ ਜ਼ਖ਼ਮੀ ਸਾਗਰ ਦੇ ਦੋ ਸਾਥੀ ਪਹਿਲਵਾਨ ਰਵਿੰਦਰ ਅਤੇ ਭਗਤ ਸਿੰਘ ਦੇ ਬਿਆਨ ਦਰਜ ਕੀਤੇ। ਦੋਵਾਂ ਨੇ ਵੀ ਅਗਵਾ ਕਰਕੇ ਹਮਲਾ ਕਰਨ ਦੇ ਮਾਮਲੇ ਵਿਚ ਸੁਸ਼ੀਲ ਦਾ ਨਾਂ ਲਿਆ ਹੈ। ਮੰਨਿਆ ਜਾ ਰਿਹਾ ਕਿ ਇਸ ਤੋਂ ਬਾਅਦ ਸੁਸ਼ੀਲ ਦੀ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਛਗਿੱਛ ਵਿਚ ਸ਼ਾਮਲ ਹੋਣ ਅਤੇ ਬਾਕੀ ਲੀਗਲ ਨੋਟਿਸ ਸੁਸ਼ੀਲ ਅਤੇ ਬਾਕੀ ਭਲਵਾਨਾਂ ਦੇ ਘਰ ਪਹੁੰਚਾਏ ਜਾ ਰਹੇ ਹਨ।
ਮਾਮਲੇ ਦੀ ਛਾਣਬੀਣ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਗੱਲ ਤਾਂ ਪੂਰੀ ਤਰ੍ਹਾਂ ਸਾਫ ਹੈ ਕਿ ਸੁਸ਼ੀਲ ਅਤੇ ਬਾਕੀ ਭਲਵਾਨਾਂ ਦੇ ਵਿਚਾਲੇ ਝਗੜਾ ਇੱਕ ਫਲੈਟ ਨੂੰ ਲੈਕੇ ਹੋਇਆ ਸੀ। ਜਾਂਚ ਦੌਰਾਨ ਪਤਾ ਚਲਿਆ ਕਿ ਘਟਨਾ ਵਾਲੇ ਦਿਨ ਮੰਗਲਵਾਰ ਨੁੂੰ ਵੀ ਸੁਸ਼ੀਲ ਅਤੇ ਸਾਗਰ ਗੁੱਟ ਦੇ ਭਲਵਾਨਾਂ ਵਿਚ ਮਾਡਲ ਟਾਊਨ ਵਿਚ ਝਗੜਾ ਹੋਇਆ ਸੀ। ਇਸ ਤੋਂ ਬਾਅਦ ਰਾਤ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਦੀ ਟੀਮ ਨੇ ਦਿੱਲੀ-ਐਨਸੀਆਰ ਤੋਂ ਇਲਾਵਾ, ਯੂਪੀ, ਹਰਿਆਣਾ, ਰਾਜਸਥਾਨ ਅਤੇ ਉਤਰਾਖੰਡ ਵਿਚ ਸੁਸ਼ੀਲ ਅਤੇ ਉਸ ਦੇ ਸਾਥੀਆਂ ਦੀ ਭਾਲ ਕੀਤੀ, ਫਿਲਹਾਲ ਸੁਸ਼ੀਲ ਦਾ ਅਜੇ ਸੁਰਾਗ ਨਹੀਂ ਮਿਲ ਸਕਿਆ।