ਕੋਲਕਾਤਾ : ਪਿਛਲੇ ਦਿਨੀ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਵਲੋਂ ਭਾਜਪਾ ਨੂੰ ਦਿਤੀ ਗਈ ਕਰਾਰੀ ਹਾਰ ਮਗਰੋਂ ਹੁਣ ਜੇਤੂ ਵਿਧਾਇਕਾਂ ਨੂੰ ਸਹੁੰ ਚੁਕਾਉਣ ਦੀ ਰਸਮ ਪੂਰੀ ਕੀਤੀ ਗਈ ਹੈ। ਹੁਣ ਮਮਤਾ ਦੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੇ ਘੱਟੋ-ਘੱਟ 43 ਮੈਂਬਰਾਂ ਨੂੰ ਰਾਜਪਾਲ ਜਗਦੀਪ ਧਨਖੜ ਨੇ ਰਾਜ ਭਵਨ 'ਚ ਇਕ ਸਮਾਰੋਹ 'ਚ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਤ੍ਰਿਣਮੂਲ ਕਾਂਗਰਸ ਦੇ ਅਮਿਤ ਮਿਤਰਾ, ਬ੍ਰਤਯ ਬਾਸੂ ਅਤੇ ਰਤਿਨ ਘੋਸ਼ ਨੂੰ ਡਿਜ਼ੀਟਲ ਤਰੀਕੇ ਨਾਲ ਸਹੁੰ ਚੁਕਾਈ ਗਈ। ਮਿਤਰਾ ਇਸ ਸਮੇਂ ਅਸਵਸਥ ਹਨ ਅਤੇ ਬਾਸੂ ਅਤੇ ਘੋਸ਼ ਕੋਰੋਨਾ ਤੋਂ ਉੱਭਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਾਰਥ ਚੈਟਰਜੀ, ਸੁਬਰਤ ਮੁਖਰਜੀ, ਫਰਹਾਦ ਹਕੀਮ ਅਤੇ ਸਾਧਨ ਪਾਂਡੇ ਨੇ ਸਮਾਰੋਹ 'ਚ ਅਹੁਦੇ ਦੀ ਸਹੁੰ ਚੁਕੀ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜ ਸਰਕਾਰ ਦੇ ਅਧਿਕਾਰੀ ਵੀ ਹਾਜ਼ਰ ਸਨ। ਬੈਨਰਜੀ ਅੱਜ ਦਿਨ 'ਚ ਸਕੱਤਰੇਤ 'ਚ ਨਵੇਂ ਮੰਤਰੀ ਮੰਡਲ ਦੀ ਬੈਠਕ ਲੈ ਸਕਦੀ ਹੈ ਅਤੇ ਇਸ ਦੌਰਾਨ ਉਹ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਸਕਦੀ ਹੈ। ਨਵੇਂ ਮੰਤਰੀਆਂ 'ਚ 24 ਕੈਬਨਿਟ ਮੰਤਰੀ ਅਤੇ 10 ਰਾਜ ਮੰਤਰੀ ਸ਼ਾਮਲ ਹਨ।