ਨਿਊਯਾਰਕ : ਅਮਰੀਕਾ ਦੀ ਸਭ ਤੋਂ ਵੱਡੀ ਫ਼ਿਊਲ ਪਾਈਪ ਲਾਈਨ ’ਤੇ ਸਾਇਬਰ ਹਮਲਾ ਹੋਇਆ ਹੈ। ਦੇਸ਼ ਦੇ ਪੂਰਬੀ ਤੱਟ ਲਈ 45 ਫ਼ੀਸਦੀ ਡੀਜ਼ਲ, ਪਟਰੌਲ ਤੇ ਜੈਟ ਫ਼ਿਊਲ ਦੀ ਸਪਲਾਈ ਇਸੇ ਪਾਈਪਲਾਈਨ ਜ਼ਰੀਏ ਹੁੰਦੀ ਹੈ। ਇਹ ਲਾਈਨ ਹੁਣ ਬੰਦ ਕਰ ਦਿਤੀ ਗਈ ਹੈ। ਇਸ 8850 ਕਿਲੋਮੀਟਰ ਲੰਮੀ ਪਾਈਪਲਾਈਨ ਤੋਂ ਰੋਜ਼ਾਨਾ 25 ਲੱਖ ਬੈਰਲ ਬਾਲਣ ਦੀ ਸਪਲਾਈ ਹੁੰਦੀ ਹੈ। ਪਾਈਪਲਾਈਨ ਅਪਰੇਟਰ ਨੇ ਸਾਇਬਰ ਹਮਲੇ ਮਗਰੋਂ ਅਪਣਾ ਸਾਰਾ ਨੈਟਵਰਕ ਬੰਦ ਕਰ ਦਿਤਾ ਹੈ ਅਤੇ ਸਰਵਿਸ ਨੂੰ ਫਿਰ ਤੋਂ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਦੁਨੀਆਂ ਭਰ ਵਿਚ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਆ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਤੇਲ ਕੀਮਤਾਂ ਵਿਚ 2 ਤੋਂ 3 ਫੀਸਦੀ ਤੇਜ਼ੀ ਆ ਸਕਦੀ ਹੈ। ਜੇ ਜ਼ਿਆਦਾ ਸਮਾਂ ਲਗਦਾ ਹੈ ਤਾਂ ਸਥਿਤੀ ਹੋਰ ਬਦਤਰ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਦਾ ਅਸਰ ਭਾਰਤ ’ਤੇ ਵੀ ਪਵੇਗਾ। ਟੈਕਸਾਨ ਦੀਆਂ ਰਿਫ਼ਾਇਨਰੀਆਂ ਵਿਚ ਇਸ ਸਮੇਂ ਭਾਰੀ ਮਾਤਰਾ ਵਿਚ ਤੇਲ ਫਸਿਆ ਹੋਇਆ ਹੈ।