ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) 2020-21 ਦੀਆਂ ਚੋਣਾਂ ਵਿਚ ਚੋਣ ਅਖਾੜਾ ਮੱਘ ਗਿਆ ਹੈ । ਪ੍ਰੋਗਰੈਸਿਵ ਟੀਚਰਜ਼ ਅਲਾਇੰਸ (ਪੀ.ਟੀ.ਏ.) ਨੇ ਡਾ: ਨਿਸ਼ਾਨ ਸਿੰਘ ਦਿਓਲ (ਪ੍ਰੋਫੈਸਰ ਅਤੇ ਮੁਖੀ, ਸਰੀਰਕ ਸਿੱਖਿਆ ਵਿਭਾਗ) ਨੂੰ ਪ੍ਰਧਾਨ, ਡਾ: ਮਨਿੰਦਰ ਸਿੰਘ (ਅਸਿਸਟੈਂਟ ਪ੍ਰੋਫੈਸਰ, ਕੰਪਿਊਟਰ ਸਾਇੰਸ ਵਿਭਾਗ) ਨੂੰ ਉਪ-ਪ੍ਰਧਾਨ, ਡਾ: ਅਵਨੀਤ ਪਾਲ ਸਿੰਘ (ਅਸਿਸਟੈਂਟ ਪ੍ਰੋਫੈਸਰ, ਬੋਟਨੀ ਵਿਭਾਗ) ਨੂੰ ਸਕੱਤਰ ਅਤੇ ਡਾ: ਬਲਰਾਜ ਸਿੰਘ ਬਰਾੜ (ਅਸਿਸਟੈਂਟ ਪ੍ਰੋਫੈਸਰ, ਇਤਿਹਾਸ ਵਿਭਾਗ) ਸੰਯੁਕਤ ਸਕੱਤਰ ਕਮ ਖਜ਼ਾਨਚੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਡਾ: ਪਰਮਵੀਰ ਸਿੰਘ (ਪ੍ਰੋਫੈਸਰ, ਸਪੋਰਟਸ ਸਾਇੰਸ ਵਿਭਾਗ), ਡਾ: ਖੁਸ਼ਦੀਪ ਗੋਇਲ (ਐਸੋਸੀਏਟ ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ), ਡਾ: ਰਾਜਿੰਦਰ ਸਿੰਘ (ਐਸੋਸੀਏਟ ਪ੍ਰੋਫੈਸਰ, ਫੋਰੈਂਸਿਕ ਸਾਇੰਸ ਵਿਭਾਗ), ਡਾ: ਪਰਨੀਤ ਕੌਰ ਢਿੱਲੋਂ (ਅਸਿਸਟੈਂਟ ਪ੍ਰੋਫੈਸਰ, ਇਤਿਹਾਸ ਵਿਭਾਗ) ਅਤੇ ਡਾ. ਅਸ਼ੋਕ ਕੁਮਾਰ ਬਠਲਾ (ਅਸਿਸਟੈਂਟ ਪ੍ਰੋਫੈਸਰ, ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ) ਗੱਠਜੋੜ ਤੋਂ ਕਾਰਜਕਾਰੀ ਮੈਂਬਰਾਂ ਵਜੋਂ ਚੋਣ ਲੜ ਰਹੇ ਹਨ। ਆਪਣੇ ਮੈਨੀਫੈਸਟੋ ਵਿੱਚ ਪੀ.ਟੀ.ਏ. ਇਸ ਵਾਰ ਪੰਜਾਬ ਸਰਕਾਰ ਤੋਂ ਗ੍ਰਾਂਟ ਪ੍ਰਾਪਤ ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਵਿੱਤੀ ਹਾਲਤ ਸੁਧਾਰਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਖੁਦਮੁਖਤਿਆਰੀ ਕਾਇਮ ਰੱਖਣ, ਤਨਖਾਹਾਂ ਅਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਇੱਕ ਸਾਲ ਤੋਂ ਵੱਧ ਸਮੇਂ ਤੋਂ ਲਟਕ ਰਹੀਆਂ ਸੀ.ਏ.ਐਸ. ਤਰੱਕੀਆਂ ਸਮੇਂ ਸਿਰ ਕਰਵਾਉਣਾ, ਸਾਰੀਆਂ ਕਿਸਮਾਂ ਦੇ ਬਕਾਏ (ਡੀ.ਏ., ਪੀ.ਐਚ.ਡੀ. ਇਨਕਰੀਮੈਂਟ, ਸੀ.ਏ.ਐੱਸ. ਤਰੱਕੀਆਂ) ਨੂੰ ਛੇਤੀ ਤੋਂ ਛੇਤੀ ਜਾਰੀ ਕਰਵਾਉਣਾ, ਸੀ.ਏ.ਐਸ. ਤਰੱਕੀਆਂ ਸਮੇਂ ਵਾਧੂ ਇਨਕਰੀਮੈਂਟ ਲਾਗੂ ਕਰਵਾਉਣਾ ਅਤੇ ਇਸ ਦੇ ਬਕਾਏ ਜਾਰੀ ਕਰਵਾਉਣਾ, ਯੂਨੀਵਰਸਿਟੀ ਸਿੰਡੀਕੇਟ ਦੁਆਰਾ ਪਾਸ ਕੀਤੇ ਗਏ ਨਿਯਮ (ਜੋ ਕਿ 8 ਸਾਲ ਦੇ ਯੂਨੀਵਰਸਿਟੀ ਅਧਿਆਪਨ ਤਜਰਬੇ ਵਾਲੇ ਅਸਿਸਟੈਂਟ ਪ੍ਰੋਫੈਸਰ ਲਈ ਵਿਭਾਗ ਦਾ ਮੁਖੀ ਨਿਯੁਕਤ ਕੀਤੇ ਜਾਣ ਦਾ ਰਾਹ ਪੱਧਰਾ ਕਰਦੇ ਹਨ) ਅਤੇ ਇਸ ਦੀ ਯੂਨੀਵਰਸਿਟੀ ਚਾਂਸਲਰ (ਰਾਜਪਾਲ, ਪੰਜਾਬ) ਦੁਆਰਾ ਪ੍ਰਵਾਨਗੀ ਤੋਂ ਬਾਅਦ ਜਲਦੀ ਲਾਗੂ ਕਰਵਾਉਣਾ, 1-1-2004 ਅਤੇ 8-7-2012 ਵਿਚਕਾਰ ਨਿਯੁਕਤ ਕੀਤੇ ਅਧਿਆਪਕਾਂ ਦੀ ਐਨ.ਪੀ.ਐਸ. ਵਜੋਂ ਕਟਾਈ ਗਈ ਰਕਮ ਨੂੰ ਅਧਿਆਪਕਾਂ ਦੇ ਸਬੰਧਤ ਜੀ.ਪੀ.ਐਫ. ਖਾਤਿਆਂ ਵਿੱਚ ਜਮ੍ਹਾ ਕਰਾਉਣਾ, ਇਸ ਦੇ ਨਾਲ ਨਾਲ 8-7-2012 ਤੋਂ ਬਾਅਦ ਨਿਯੁਕਤ ਕੀਤੇ ਅਧਿਆਪਕਾਂ ਦੇ ਸੰਬੰਧਤ ਐਨ.ਪੀ.ਐਸ. ਖਾਤਿਆਂ ਵਿੱਚ ਐਨ.ਪੀ.ਐਸ. ਵਜੋਂ ਕਟਾਈ ਗਈ ਰਕਮ ਜਮ੍ਹਾ ਕਰਾਉਣਾ, ਸੁਹਿਰਦ ਯਤਨ ਕਰਦਿਆਂ 8-7-2012 ਤੋਂ ਬਾਅਦ ਨਿਯੁਕਤ ਕੀਤੇ ਅਧਿਆਪਕਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣਾ ਅਤੇ ਅਧਿਆਪਕਾਂ ਨਾਲ ਸਬੰਧਿਤ ਹੋਰ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਲਈ ਕੰਮ ਕਰਨ ਲਈ ਵਚਨਬੱਧਤਾ ਦੁਹਰਾ ਰਿਹਾ ਹੈ । ਪੀ.ਟੀ.ਏ. ਨੇ ਸਮੂਹ ਟੀਚਿੰਗ ਫੈਕਲਟੀ ਨੂੰ ਗਠਜੋੜ ਦੀ
ਹਮਾਇਤ ਕਰਨ ਦੀ ਅਪੀਲ ਕੀਤੀ ਹੈ।