ਕਿਸਾਨ ਬੀਬੀਆਂ ਗੰਢੂਆਂ ਬਿਜਲੀ ਗਰਿੱਡ ਸਾਹਮਣੇ ਧਰਨੇ ਤੇ ਬੈਠੀਆਂ ਹੋਈਆਂ।
ਸੁਨਾਮ : ਬਿਜਲੀ ਸਪਲਾਈ ਲੋੜ ਅਨੁਸਾਰ ਨਾ ਮਿਲਣ ਤੋਂ ਖ਼ਫ਼ਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਿੱਧੂਪੁਰ ਇਕਾਈ ਵੱਲੋਂ ਸ਼ੁੱਕਰਵਾਰ ਨੂੰ ਗੰਢੂਆਂ ਪਿੰਡ ਦੇ ਗਰਿੱਡ ਸਾਹਮਣੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਐਨ ਉਲਟ ਕਿਸਾਨ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਡਾਢੇ ਪ੍ਰੇਸ਼ਾਨ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਸੁਖਪਾਲ ਸਿੰਘ ਮਾਣਕ, ਨਛੱਤਰ ਸਿੰਘ ਗੰਢੂਆਂ, ਮਨੀ ਸਿੰਘ ਭੈਣੀ ਨੇ ਕਿਹਾ ਕਿ ਗੰਢੂਆਂ ਵਿਖੇ ਸਥਾਪਿਤ ਬਿਜਲੀ ਗਰਿੱਡ ਤੋਂ ਕਈ ਪਿੰਡਾਂ ਨੂੰ ਸਪਲਾਈ ਦਿੱਤੀ ਗਈ ਹੈ ਲੇਕਿਨ ਇਸ ਗਰਿੱਡ ਦੀ ਮਸ਼ੀਨ 20 ਐਮ ਬੀ ਦੀ ਹੈ ਜੋ ਕਿ ਬਹੁਤ ਘੱਟ ਹੈ ਜਿਸ ਕਾਰਨ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਗਰਿੱਡ ਦੀ ਪਾਵਰ ਸਮਰੱਥਾ ਵਿੱਚ ਹੋਰ ਵਾਧਾ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਸੱਤ ਅੱਠ ਪਿੰਡਾਂ ਦੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਕਿਸਾਨਾਂ ਵੱਲੋਂ ਲਾਇਆ ਝੋਨਾ ਸੁੱਕ ਚੁੱਕਾ ਹੈ, ਉਨ੍ਹਾਂ ਕਿਹਾ ਕਿ ਅਸਲ ਦੇ ਵਿੱਚ ਪੈਡੀ ਸੀਜ਼ਨ ਤੋਂ ਪਹਿਲਾਂ ਨਾ ਤਾਂ ਗਰਿੱਡ ਦੀ ਸਰਵਿਸ ਕੀਤੀ ਅਤੇ ਨਾ ਹੀ ਲੋੜੀਂਦਾ ਸਾਮਾਨ ਗਰਿੱਡ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਪਰ ਅੱਜ ਸਰਕਾਰ ਦੀ ਪੋਲ ਖੁੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਉਕਤ ਮਾਮਲੇ ਵਿੱਚ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਐਕਸੀਅਨ ਅਤੇ ਐਸ ਸੀ ਦੇ ਦਫਤਰਾਂ ਅੱਗੇ ਵੱਡੇ ਧਰਨੇ ਦਿੱਤੇ ਜਾਣਗੇ । ਬਿਜਲੀ ਗਰਿੱਡ ਸਾਹਮਣੇ ਦਿੱਤੇ ਧਰਨੇ ਵਿੱਚ ਕਿਸਾਨ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸੂਬੇ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।