ਰਾਂਚੀ : ਸੀਬੀਆਈ (CBI) ਨੇ ਅੱਜ NEET ਪੇਪਰ ਲੀਕ ਮਾਮਲੇ ਵਿੱਚ ਧਨਬਾਦ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਪਵਨ ਵਜੋਂ ਹੋਈ ਹੈ। ਗ੍ਰਿਫ਼ਤਾਰ ਵਿਅਕਤੀ ਪੇਸ਼ੇ ਵਜੋਂ ਡਰਾਇਵਰ ਦਸਿਆ ਜਾ ਰਿਹਾ ਹੈ ਅਤੇ ਸੀਬੀਆਈ (CBI) ਦੀ ਟੀਮ ਨੇ ਇਸ ਨੂੰ ਕੰਬਾਇੰਡ ਬਿਲਡਿੰਗ ਦੇ ਲਾਗਿਓਂ ਗ੍ਰਿਫ਼ਤਾਰ ਕੀਤਾ ਹੈ। ਪਵਨ ਤੋਂ ਪੁੱਛਗਿੱਛ ਮਗਰੋਂ ਸੀਬੀਆਈ (CBI) ਦੀ ਟੀਮ ਸ਼ਹੀਦ ਗੁਰਦਾਸ ਚੈਟਰਜੀ ਫ਼ੁੱਟਬਾਲ ਮੈਦਾਨ ਦੇ ਇਕ ਤਲਾਬ ’ਤੇ ਪਹੁੰਚੀ ਅਤੇ ਤਲਾਬ ਵਿਚੋਂ ਇਕ ਪਲਾਸਟਿਕ ਦੇ ਬੈਗ ਵਿਚੋਂ ਇਕ ਦਰਜਨ ਦੇ ਕਰੀਬ ਟੁੱਟੇ ਹੋਏ ਮੋਬਾਇਲ, ਦੋ ਇੰਸੂਲੇਟਰ ਅਤੇ ਕਈ ਫਟੇ ਹੋਏ ਦਸਤਾਵੇਜ਼ ਬਰਾਮਦ ਕੀਤੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਬੀਆਈ ਦੀ ਟੀਮ ਨੇ ਅਵਿਨਾਸ਼ ਉਰਫ਼ ਬੰਟੀ ਨੂੰ ਧਨਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਉਸ ਨੂੰ 30 ਜੁਲਾਈ ਤੱਕ ਰਿਮਾਂਡ ’ਤੇ ਭੇਜ ਦਿਤਾ। ਬੰਟੀ ਨੇ ਉਮੀਦਵਾਰਾਂ ਨੂੰ ਪਰਚੇ ਅਤੇ ਜਵਾਬ ਭੇਜਣ ਲਈ ਮੋਬਾਇਲ ਫ਼ੋਨਾਂ ਦੀ ਵਰਤੋਂ ਕੀਤੀ ਅਤੇ ਮੋਬਾਇਲਾਂ ਨੂੰ ਛੱਪੜ ਵਿੱਚ ਸੁੱਟ ਦਿੱਤਾ ਸੀ। ਸੀਬੀਆਈ (CBI) ਨੂੰ ਬੰਟੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੇ ਟਿਕਾਣੇ ਤੋਂ ਬਲੂਟੁੱਥ, ਪ੍ਰਿੰਟਰ ਆਦਿ ਵੀ ਬਰਾਮਦ ਹੋਏ ਹਨ।