ਨਵੀਂ ਦਿੱਲੀ : Social Media ਕੰਪਨੀ twitter ਨੇ ਭਾਰਤ ਵਿਚ ਕੋਵਿਡ-19 ਸੰਕਟ ਦਾ ਮੁਕਾਬਲਾ ਕਰਨ ਲਈ 1.5 ਕਰੋੜ ਡਾਲਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਟਵਿਟਰ ਦੇ ਸੀ.ਈ.ਓ. ਜੈਕ ਪੈਟ੍ਰਿਕ ਡੋਰਸੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਇਹ ਰਾਸ਼ੀ 3 ਗੈਰ ਸਰਕਾਰੀ ਸੰਗਠਨਾਂ- ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਨੂੰ ਦਾਨ ਕੀਤੀ ਗਈ ਹੈ।
ਕੇਅਰ ਸੰਸਥਾ ਨੂੰ 1 ਇਕ ਕਰੋੜ ਡਾਲਰ ਦਿੱਤੇ ਗਏ ਹਨ, ਜਦੋਂ ਕਿ ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਨੂੰ 25-25 ਲੱਖ ਡਾਲਰ ਦਿੱਤੇ ਗਏ ਹਨ। ਟਵਿਟਰ ਨੇ ਇਕ ਬਿਆਨ ਵਿਚ ਕਿਹਾ, ‘ਸੇਵਾ ਇੰਟਰਨੈਸ਼ਨਲ ਇਕ ਹਿੰਦੂ ਆਸਥਾ ਆਧਾਰਿਤ ਮਨੁੱਖੀ ਅਤੇ ਗੈਰ-ਲਾਭਕਾਰੀ ਸੇਵਾ ਸੰਗਠਨ ਹੈ। ਇਸ ਅਨੁਦਾਨ ਨਾਲ ਸੇਵਾ ਇੰਟਰਨੈਸ਼ਨਲ ਦੇ ‘ਹੈਲਪ ਇੰਡੀਆ ਡਿਫੀਟ ਕੋਵਿਡ-19’ ਮੁਹਿੰਮ ਦੇ ਤਹਿਤ ਆਸਕਸੀਜਨ ਕੰਸਨਟ੍ਰੇਟਰ, ਵੈਂਟੀਲੇਟਰ, ਬਾਈਪੈਪ (ਬਾਈਲੈਵਲ ਪਾਜ਼ੇਟਿਵ ਏਅਰਵੇ ਪ੍ਰੈਸ਼ਰ) ਮਸ਼ੀਨਾਂ ਵਰਗੇ ਜੀਵਨ ਰੱਖਿਅਕ ਉਪਕਰਨਾਂ ਨੂੰ ਖ਼ਰੀਦਿਆ ਜਾਏਗਾ।’
ਬਿਆਨ ਵਿਚ ਕਿਹਾ ਗਿਆ, ‘ਇਹ ਉਪਕਰਨ ਸਰਕਾਰੀ ਹਸਪਤਾਲਾਂ ਅਤੇ ਕੋਵਿਡ-19 ਦੇਖ਼ਭਾਲ ਕੇਂਦਰਾਂ ਅਤੇ ਹਸਪਤਾਲਾਂ ਵਿਚ ਵੰਡੇ ਜਾਣਗੇ।’ ਇਸ ਘੋਸ਼ਣਾ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸੇਵਾ ਇੰਟਰਨੈਸ਼ਨਲ ਦੇ ਉਪ-ਪ੍ਰਧਾਨ ਸੰਦੀਪ ਖੜਕੇਕਰ (ਮਾਰਕੀਟਿੰਗ ਅਤੇ ਫੰਡ ਵਿਕਾਸ) ਨੇ ਇਸ ਦਾਨ ਲਈ ਡੋਰਸੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਸੇਵਾ ਦੇ ਕੰਮਾਂ ਨੂੰ ਮਾਨਤਾ ਮਿਲੀ ਹੈ। ਉਨ੍ਹਾਂ ਦੱਸਿਆ, ‘ਇਹ ਵਾਲੰਟੀਅਰਾਂ ਵੱਲੋਂ ਸੰਚਾਲਿਤ ਇਕ ਗੈਰ-ਲਾਭਕਾਰੀ ਸੰਗਠਨ ਹੈ ਅਤੇ ਅਸੀਂ ਪਵਿੱਤਰ ਹਿੰਦੂ ਮੰਤਰ ‘ਸਰਵ ਭਗਨਤੁ ਸੁਖਿਨ:’ ਦਾ ਪਾਲਣ ਕਰਦੇ ਹੋਏ ਸਾਰਿਆਂ ਦੀ ਸੇਵਾ ਵਿਚ ਵਿਸ਼ਵਾਸ ਰੱਖਦੇ ਹਾਂ।’ ਉਨ੍ਹਾਂ ਦੱਸਿਆ ਕਿ ਸੇਵਾ ਦੀ ਪ੍ਰਸ਼ਾਸਨਿਕ ਲਾਗਤ ਲਗਭਗ 5 ਫ਼ੀਸਦੀ ਹੈ, ਜਿਸ ਦਾ ਅਰਥ ਹੈ ਕਿ ਦਾਨ ਵਿਚ ਮਿਲੇ ਹਰੇਕ 100 ਡਾਲਰ ’ਚੋਂ 95 ਡਾਲਰ ਉਨ੍ਹਾਂ ਲੋਕਾਂ ’ਤੇ ਖਰਚ ਕੀਤੇ ਜਾਂਦੇ ਹਨ, ਜਿਨ੍ਹਾਂ ਲਈ ਦਾਨ ਮਿਲਿਆ ਹੈ।