ਸੁਨਾਮ : ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਜਣਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜੈਲ ਪੋਸਟ ਅਨਾਜ਼ ਮੰਡੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸ਼ਹਿਰੀ ਸੁਨਾਮ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤੀਕ ਜਿੰਦਲ ਅਤੇ ਥਾਣੇਦਾਰ ਦਵਿੰਦਰ ਸਿੰਘ ਇੰਚਾਰਜ ਜੈਲ ਪੋਸਟ ਨੇ ਸਮੇਤ ਪੁਲਿਸ ਪਾਰਟੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਸੁਨਾਮ ਏਰੀਏ ਵਿੱਚ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਜਣਿਆਂ ਨੂੰ ਨਾਮਜ਼ਦ ਕਰਕੇ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਦੋਸ਼ੀਆਂ ਪਾਸੋਂ ਖੋਹ ਕੀਤਾ ਮੋਬਾਇਲ ਬਰਾਮਦ ਕੀਤਾ ਗਿਆ ਹੈ।ਉਹਨਾ ਦੱਸਿਆ ਕਿ ਜਗਰੂਪ ਸਿੰਘ ਨਾਮੀਂ ਵਿਅਕਤੀ ਨੇ ਪੁਲਿਸ ਪਾਸ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸਦਾ ਮੋਬਾਇਲ ਫੋਨ, ਪਰਸ ਅਤੇ ਪੈਸੇ ਤਿੰਨ ਮੋਟਰਸਾਇਕਲ ਸਵਾਰ ਨਾ ਮਾਲੂਮ ਵਿਅਕਤੀਆਂ ਵੱਲੋ ਖੋਹ ਕੀਤੇ ਗਏ ਹਨ ਇਸ ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਸੁਨਾਮ ਵਿਖੇ ਮੁਕੱਦਮਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਜਿਸ ਵਿੱਚ ਦੋਸ਼ੀਆਂ ਅਭੀਸ਼ੇਕ ਉਰਫ ਅਭੀ ਅਤੇ ਲੱਕੀ ਖੰਨਾ ਵਾਸੀਆਨ ਸੁਨਾਮ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਖੋਹ ਕੀਤਾ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਕਾਬੂ ਕੀਤੇ ਦੋਸ਼ੀਆਂ ਪਾਸੋਂ ਪੁੱਛ ਗਿੱਛ ਜਾਰੀ ਹੈ ਜਦਕਿ ਮੁਕੱਦਮੇ ਵਿਚ ਇੱਕ ਦੋਸ਼ੀ ਵਿਸ਼ਾਲ ਰਾਮ ਉਰਫ ਵਿਸ਼ੂ ਪੁੱਤਰ ਪ੍ਰੇਮ ਚੰਦ ਵਾਸੀ ਗੀਤਾ ਭਵਨ ਰੋਡ ਸੁਨਾਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਸਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।