ਨਵੀਂ ਦਿੱਲੀ :ਦੇਸ਼ ਵਿਚ ਹੁਣ 2 ਸਾਲ ਤੋਂ 18 ਸਾਲ ਦੇ ਬੱਚਿਆਂ ’ਤੇ ਭਾਰਤ ਬਾਇਉਟੈਕ ਕੋਵੈਕਸੀਨ ਦਾ ਟਰਾਇਲ ਹੋਵੇਗਾ। ਡਰੱਗਜ਼ ਕੰਟਰੋਲ ਜਨਰਲ ਆਫ਼ ਇੰਡੀਆ ਨੇ 2-18 ਉਮਰ ਵਰਗ ਵਿਚ ਕੋਵੈਕਸੀਨ ਦੇ ਦੂਜੇ ਅਤੇ ਆਖ਼ਰੀ ਪੜਾਅ ਦੇ ਕਲੀਨਿਕਲ ਟਰਾਇਲ ਨੂੰ ਮਨਜ਼ੂਰੀ ਦੇ ਦਿਤੀ ਹੈ। ਭਾਰਤ ਬਾਇਉਟੈਕ ਕੋਵੈਕਸੀਨ 525 ਸਿਹਤ ਸਵੈਸੇਵੀਆਂ ’ਤੇ ਟਰਾਇਲ ਕਰੇਗਾ। 2 ਸਾਲ ਤੌਂ 18 ਸਾਲ ਦੇ ਬੱਚਿਆਂ ’ਤੇ ਹੋਣ ਵਾਲੀ ਪਰਖ ਨੂੰ ਇਹ ਮਨਜ਼ੂਰੀ ਕੋਰੋਨਾ ਵਾਇਰਸ ਮਹਾਂਮਾਰੀ ਦੀ ਤੀਜੀ ਲਹਿਰ ਦੇ ਖ਼ਦਸ਼ੇ ਕਾਰਨ ਅਤੇ ਇਸ ਨਾਲ ਸਿੱਝਣ ਦੀਆਂ ਤਿਆਰੀਆਂ ਲਈ ਦਿਤੀ ਗਈ ਹੈ। ਮਾਹਰਾਂ ਦੀ ਕਮੇਟੀ ਨੇ ਮੰਗਲਵਾਰ ਨੂੰ ਇਹ ਸਿਫ਼ਾਰਸ਼ ਕੀਤੀ ਸੀ। ਸੂਤਰਾਂ ਮੁਤਾਬਕ ਇਹ ਪਰਖ ਦਿੱਲੀ ਅਤੇ ਪਟਨਾ ਦੇ ਏਮਜ਼ ਅਤੇ ਨਾਗਪੁਰ ਦੇ ਮੈਡੀਟ੍ਰਿਨਾ ਇਲਾਜ ਵਿਗਿਆਨ ਕੇਂਦਰ ਸਮੇਤ ਹੋਰ ਕੁਝ ਕੇਂਦਰਾਂ ’ਤੇ ਹੋਵੇਗਾ। ਸਪੱਸ਼ਟ ਹੈ ਕਿ ਪਰਖ ਸਫ਼ਲ ਹੋਣ ਨਾਲ 2 ਤੋਂ 18 ਸਾਲ ਦੀ ਉਮਰ ਤਕ ਦੇ ਬੱਚਿਆਂ ਦਾ ਵੀ ਕੋਵਿਡ ਟੀਕਾਕਰਨ ਹੋ ਸਕੇਗਾ।