ਸੁਨਾਮ : ਪਾਵਰਕਾਮ ਵਿੱਚ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀ ਸੁਨਾਮ ਵਿਖੇ ਜਥੇਬੰਦੀ ਦੇ ਪ੍ਰਧਾਨ ਸੋਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਾਮਿਲ ਮੈਂਬਰਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਤੇ ਵਾਅਦਿਆਂ ਤੋਂ ਮੁੱਕਰਨ ਦੇ ਇਲਜ਼ਾਮ ਲਾਏ। ਬੁਲਾਰਿਆਂ ਨੇ ਕਿਹਾ ਕਿ ਬਜ਼ੁਰਗ ਅਵਸਥਾ ਵਿੱਚ ਪਹੁੰਚ ਚੁੱਕੇ ਬਿਜਲੀ ਮੁਲਾਜ਼ਮਾਂ ਨੂੰ ਸਰਕਾਰ ਅਤੇ ਮੈਨੇਜਮੈਂਟ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਾਵਰਕਾਮ ਦੇ ਪੈਨਸ਼ਨਰਾਂ ਦੀ 33 ਕੇਵੀ ਸਬ ਸਟੇਸ਼ਨ ਤੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੋਮ ਸਿੰਘ, ਕ੍ਰਿਸ਼ਨ ਬੱਤਰਾ, ਮੋਹਨ ਲਾਲ ਅਤੇ ਗੁਰਚਰਨ ਸਿੰਘ ਜਖੇਪਲ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਪੈਨਸ਼ਨਰਾਂ ਦੇ ਲਟਕਦੇ ਮਾਮਲਿਆਂ ਦੇ ਹੱਲ ਲਈ ਮੀਟਿੰਗ ਦੇਣ ਤੋਂ ਵਾਰ ਵਾਰ ਭੱਜ ਰਹੀ ਹੈ ਜਿਸ ਕਾਰਨ ਬਜ਼ੁਰਗ ਪੈਨਸ਼ਨਰਜ਼ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਅਜਿਹਾ ਕਰਕੇ ਸਿਵਿਆਂ ਦੇ ਰਾਹ ਚੱਲ ਪਈ ਹੈ, ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਦਕਿ ਆਪਣੀਆਂ ਤਨਖਾਹਾਂ ਵਿੱਚ ਬੇਤਹਾਸ਼ਾ ਵਾਧਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਪੈਨਸ਼ਨਰਾਂ ਵੱਲੋਂ 18 ਸਤੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ 25 ਸਤੰਬਰ ਨੂੰ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਸੂਬਾ ਪੱਧਰੀ ਧਰਨਾ ਦੇਕੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗੁਰਬਚਨ ਸਿੰਘ ਧਨੌਲਾ , ਚੇਤ ਰਾਮ ਢਿੱਲੋਂ ਸੈਕਟਰੀ, ਜੇਠੂ ਰਾਮ, ਜਸਵੰਤ ਰਾਏ ਲੌਂਗੋਵਾਲ , ਕੁਲਦੀਪ ਪਾਠਕ, ਇੰਦਰਜੀਤ ਸਿੰਘ ਜੋਸ਼ , ਸੁਬੇਗ ਸਿੰਘ ਥਾਣੇਦਾਰ, ਗੰਗਾ ਰਾਮ, ਗੁਰਚਰਨ ਸਿੰਘ ਸੁਨਾਮ ਨੇ ਵੀ ਸੰਬੋਧਨ ਕਰਦਿਆਂ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।