ਸੁਨਾਮ : ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਸੇਵਾ ਮੁਕਤ ਐਸ ਪੀ ਰੁਪਿੰਦਰ ਭਾਰਦਵਾਜ ਦੀ ਅਗਵਾਈ ਹੇਠ ਡੀ ਐਸ ਪੀ ਹਰਵਿੰਦਰ ਸਿੰਘ ਖਹਿਰਾ, ਐਸ ਐਚ ਓ ਪ੍ਰਤੀਕ ਜਿੰਦਲ ਅਤੇ ਚੌਂਕੀ ਇੰਚਾਰਜ਼ ਦਵਿੰਦਰ ਸਿੰਘ ਨਾਲ ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ ਚਰਚਾ ਕਰਨ ਲਈ ਮੀਟਿੰਗ ਕੀਤੀ ਗਈ। ਸਮਾਜ ਅੰਦਰ ਅਜੋਕੇ ਸਮੇਂ ਚੱਲ ਰਹੀ ਸਾਈਬਰ ਠੱਗੀ ਤੋਂ ਬਚਾਅ ਲਈ ਪੁਲਿਸ ਕਰਮਚਾਰੀ ਵੱਲੋਂ ਜਾਗਰੂਕ ਕੀਤਾ ਗਿਆ। ਇਸ ਮੌਕੇ ਅਗਰ ਰਤਨ ਸ਼ਾਮ ਲਾਲ ਲੈਕਚਰਾਰ, ਬਲਵਿੰਦਰ ਭਾਰਦਵਾਜ , ਸੈਕਟਰੀ ਬੀਰਬਲ ਬਾਂਸਲ ਨੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਧੇਰੇ ਚੌਕਸੀ ਦੀ ਜ਼ਰੂਰਤ ਹੈ। ਸਾਈਬਰ ਕ੍ਰਾਈਮ ਦੇ ਹੈਡ ਕਾਂਸਟੇਬਲ ਸਵਿੰਦਰ ਸਿੰਘ ਨੇ ਅੱਜ ਕੱਲ ਹੋ ਰਹੀਆਂ ਠੱਗੀਆਂ ਤੋਂ ਬਚਣ ਲਈ ਸੀਨੀਅਰ ਸਿਟੀਜਨ ਦੇ ਮੈਂਬਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਤੁਹਾਨੂੰ ਫੋਨ ਕਰਕੇ ਬੈਂਕ ਸਬੰਧੀ ਕੋਈ ਜਾਣਕਾਰੀ ਧੋਖੇ ਨਾਲ ਮੰਗਦਾ ਹੈ ਤਾਂ ਉਸ ਨੂੰ ਕੁੱਝ ਵੀ ਨਾ ਦੱਸਿਆ ਜਾਵੇ। ਇਸ ਮੌਕੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ, ਐਸ ਐਚ ਓ ਪ੍ਰਤੀਕ ਜਿੰਦਲ ਅਤੇ ਚੌਂਕੀ ਇੰਚਾਰਜ਼ ਦਵਿੰਦਰ ਸਿੰਘ ਨੇ ਸੀਨੀਅਰ ਸਿਟੀਜ਼ਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਪੁਲਿਸ ਜਨਤਾ ਦੀ ਰਾਖੀ ਲਈ ਹਰ ਵਕ਼ਤ ਤਤਪਰ ਰਹਿੰਦੀ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣਾ ਪੁਲਿਸ ਦਾ ਮੁੱਢਲਾ ਫਰਜ਼ ਹੈ, ਲੋਕਾਂ ਨੂੰ ਬੇਖੌਫ ਹੋਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਮੁਹਿੰਮ ਵਿੱਢੀ ਗਈ ਹੈ। ਇਲਾਕੇ ਅੰਦਰ ਨਸ਼ਿਆ ਦਾ ਧੰਦਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।