ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਸੁਹਿਰਦਤਾ ਨਾ ਦਿਖਾਉਣ ਤੋਂ ਨਰਾਜ਼ ਬਿਜਲੀ ਮੁਲਾਜ਼ਮਾਂ ਨੇ ਤਿੰਨ ਰੋਜ਼ਾ ਸਮੂਹਿਕ ਛੁੱਟੀ ਲੈਕੇ ਕੀਤੀ ਹੜਤਾਲ ਦੇ ਚੱਲਦਿਆਂ ਮੰਗਲਵਾਰ ਨੂੰ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਝੰਡੇ ਹੇਠ ਸੁਨਾਮ ਵਿਖੇ 33 ਕੇਵੀ ਸਬ ਸਟੇਸ਼ਨ ਦੇ ਗੇਟ ਤੇ ਰੈਲੀ ਕਰਕੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਇਸ ਮੌਕੇ ਮੁਲਾਜ਼ਮ ਆਗੂ ਇੰਦਰਜੀਤ ਸਿੰਘ ਢਿੱਲੋਂ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਕ੍ਰਿਸ਼ਨ ਕਾਂਤ, ਪ੍ਰਿਤਪਾਲ ਸਿੰਘ, ਗੁਰਤੇਜ ਸਿੰਘ , ਜਬਲਾ, ਗੱਜਣ ਸਿੰਘ , ਸੁਖਰਾਜ ਮਾਨ, ਨਰਿੰਦਰ ਸ਼ਰਮਾ, ਅਤੇ ਜੁਗਰਾਜ ਸਿੰਘ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਨੇ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਮੰਗਾਂ ਪ੍ਰਤੀ ਸਹਿਮਤੀਆਂ ਕੀਤੀਆਂ ਸਨ ਉਨ੍ਹਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਆਨਾ ਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਬਿਜਲੀ ਮੁਲਾਜ਼ਮਾਂ ਨੇ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਦੀ ਕੋਠੀ ਅੱਗੇ ਪਹਿਲੀ ਅਗਸਤ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਸੀ ਇਸ ਉਪਰੰਤ ਬਿਜਲੀ ਮੰਤਰੀ ਨੇ 6 ਅਗਸਤ ਨੂੰ ਮੀਟਿੰਗ ਦਿੱਤੀ ਸੀ ਪ੍ਰੰਤੂ ਇਸ ਮੀਟਿੰਗ ਵਿੱਚ ਪਾਵਰਕਾਮ ਦੀ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਸਬੰਧੀ ਬਿਲਕੁਲ ਚੁੱਪ ਧਾਰੀ ਰੱਖੀ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹੁਣ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਾਗੂ ਕਰਵਾਉਣ ਲਈ 10 ਤੋਂ 12 ਸੰਤਬਰ ਤੱਕ ਤਿੰਨ ਰੋਜ਼ਾ ਸਮੂਹਿਕ ਛੁੱਟੀ ਲੈਕੇ ਕੰਮਕਾਜ ਬੰਦ ਕਰ ਦਿੱਤਾ ਹੈ। ਬਿਜਲੀ ਮੁਲਾਜ਼ਮਾਂ ਤੋਂ ਇਲਾਵਾ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਗਦੇਵ ਸਿੰਘ ਬਾਹੀਆ ਅਤੇ ਸੋਮ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ ਦਿੱਤੇ ਸ਼ੰਘਰਸ਼ ਨੂੰ ਪੂਰੇ ਪੰਜਾਬ ਵਿੱਚ ਸਹਿਯੋਗ ਦਿਤਾ ਜਾਵੇਗਾ ਅਤੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।