ਸੁਨਾਮ : ਮਨਰੇਗਾ ਕਾਨੂੰਨ ਅਨੁਸਾਰ ਕੰਮ ਨਾ ਮਿਲਣ ਤੋਂ ਖ਼ਫ਼ਾ ਮਜ਼ਦੂਰਾਂ ਨੇ ਡੈਮੋਕਰੇਟਿਕ ਮਨਰੇਗਾ ਫਰੰਟ ਬਲਾਕ ਸੁਨਾਮ ਦੀ ਅਗਵਾਈ ਹੇਠ 16 ਸਤੰਬਰ ਨੂੰ ਬੀਡੀਪੀਓ ਦਫ਼ਤਰ ਸੁਨਾਮ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਡੈਮੋਕਰੇਟਿਕ ਮਨਰੇਗਾ ਫਰੰਟ ਦੇ ਆਗੂਆਂ ਸੁਖਵਿੰਦਰ ਕੌਰ ਘਾਸੀਵਾਲਾ , ਹਰਪਾਲ ਕੌਰ ਟਿੱਬੀ, ਗੁਰਸੇਵਕ ਸਿੰਘ ਧਰਮਗੜ੍ਹ, ਬਲਜੀਤ ਕੌਰ ਸਤੌਜ , ਕਰਨੈਲ ਸਿੰਘ ਕਣਕਵਾਲ, ਪਰਮਜੀਤ ਕੌਰ ਬੀਰਕਲਾਂ, ਗੁਰਧਿਆਨ ਕੌਰ ਨਮੋਲ, ਸੋਮਾ ਰਾਣੀ ਨਮੋਲ ਅਤੇ ਨਿਰਮਲ ਕੌਰ ਧਰਮਗੜ੍ਹ ਨੇ ਕਿਹਾ ਕਿ ਲਗਾਤਾਰ ਕੰਮ ਦੀ ਮੰਗ ਦੀਆਂ ਲਿਖਤੀ ਅਰਜ਼ੀਆਂ ਕਾਨੂੰਨ ਅਨੁਸਾਰ ਬੀ ਡੀ ਪੀ ਓ ਦਫਤਰ ਦੇਣ ਲਈ ਲਗਾਤਾਰ ਸਰਗਰਮੀ ਕੀਤੀ ਪਰੰਤੂ ਸਬੰਧਿਤ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਅਰਜ਼ੀਆਂ ਫੜਨ ਤੋਂ ਇਨਕਾਰ ਕਰਦੇ ਰਹੇ। ਜਿਸ ਤੋਂ ਮਜਬੂਰ ਹੋਕੇ ਮਨਰੇਗਾ ਕਾਮਿਆਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ ਹੈ। ਜਿਸ ਦੇ ਤਹਿਤ ਮਿਤੀ 16 ਸਤੰਬਰ ਨੂੰ ਬੀ ਡੀ ਪੀ ਓ ਸੁਨਾਮ ਦੀਆਂ ਕਥਿਤ ਵਧੀਕੀਆਂ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।ਜਿਸ ਦੀ ਤਿਆਰੀ ਵਜੋਂ ਬਲਾਕ ਸੁਨਾਮ ਦੇ ਪਿੰਡਾਂ ਸਤੌਜ, ਘਾਸੀਵਾਲਾ , ਧਰਮਗੜ੍ਹ, ਰਵਿਦਾਸਪੁਰਾ ਟਿੱਬੀ, ਬਖਸ਼ੀਵਾਲਾ ਬੀਰ ਕਲਾਂ, ਜਵੰਧਾ ਅਤੇ ਗੋਬਿੰਦਗੜ੍ਹ ਜੇਜੀਆਂ ਤੋਂ ਇਲਾਵਾ ਤਕਰੀਬਨ 40 ਪਿੰਡਾਂ ਅੰਦਰ ਸੰਪਰਕ ਮੀਟਿੰਗਾਂ ਕੀਤੀਆਂ। ਇਸੇ ਦੌਰਾਨ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ( ਆਈ ਡੀ ਪੀ ) ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ ਅਤੇ ਤਰਲੋਚਨ ਸਿੰਘ ਸੂਲਰ ਨੇ ਕਿਹਾ ਕਿ ਬੀ ਡੀ ਪੀ ਓ ਦਫਤਰ ਸੁਨਾਮ ਲਗਾਤਾਰ ਕਾਨੂੰਨ ਦੀਆਂ ਧੱਜੀਆ ਉਡਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਨਰੇਗਾ ਕਾਨੂੰਨ ਅਨੁਸਾਰ ਮੰਗ ਅਧਾਰਿਤ 100 ਦਿਨ ਦੇ ਰੋਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ, ਕੰਮ ਨਾ ਦੇਣ ਦੀ ਸੂਰਤ ਕਾਰਨ ਬੇਰੁਜ਼ਗਾਰੀ ਭੱਤਾ ਲੈਣ ਲਈ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਕੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ।