ਕਿਹਾ ,ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਤੇ ਹੈਲਪਲਾਈਨ ਨੰਬਰ 1912 ਜਾਂ 96461-18974 ਸੰਪਰਕ ਕਰਨ
ਮਾਲੇਰਕੋਟਲਾ : ਪੰਜਾਬ ਭਰ ਵਿੱਚ ਬਿਜਲੀ ਕਰਮਚਾਰੀਆਂ ਦੀ ਜੁਆਇੰਟ ਫੋਰਮ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਚੱਲ ਰਹੀ ਸੂਬਾ ਪੱਧਰੀ ਹੜਤਾਲ ਕਰਕੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ, ਇਸ ਲਈ ਉੱਚ ਅਧਿਕਾਰੀਆਂ ਨੇ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਮਾਲੇਰਕੋਟਲਾ ਵੰਡ ਮੰਡਲ ਦੇ ਵਧੀਕ ਨਿਗਰਾਨ ਇੰਜੀਨੀਅਰ ਹਰਵਿੰਦਰ ਸਿੰਘ ਧੀਮਾਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਜਥੇਬੰਦੀਆਂ ਵਲੋਂ ਆਪਣੀ ਸੂਬਾ ਪੱਧਰੀ ਹੜਤਾਲ ਵਿੱਚ 17 ਸਤੰਬਰ ਤੱਕ ਦਾ ਵਾਧਾ ਕੀਤਾ ਹੈ । ਇਸ ਲਈ ਜ਼ਿਲ੍ਹੇ ਦੇ 66 ਕੇ.ਵੀ. ਗਰਿਡ ਸਬ ਸਟੇਸ਼ਨਾਂ ਉਪਰ ਵਧੀਨ ਨਿਗਰਾਨ ਇੰਜੀਨੀਅਰ,ਉਪ ਮੰਡਲ ਅਫ਼ਸਰ ਅਤੇ ਹੋਰ ਤਕਨੀਕੀ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਬਿਜਲੀ ਦੀ ਵੰਡ ਪ੍ਰਣਾਲੀ ਪ੍ਰਭਾਵਿਤ ਨਾ ਹੋਵੇ। ਇਸ ਤੋਂ ਇਲਾਵਾ ਸਪੈਸਲ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਲੋਕਾਂ ਨੂੰ ਉਚ ਪੱਧਰੀ ਬਿਜਲੀ ਸੇਵਾਵਾਂ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੇ ਬਾਵਜੂਦ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਫੌਰੀ ਹੱਲ ਯਕੀਨੀ ਬਣਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਨਿਵਾਸੀਆਂ ਨੂੰ ਹੜਤਾਲ ਦੇ ਬਾਵਜੂਦ ਪਹਿਲਾਂ ਦੀ ਤ੍ਹਰਾਂ ਹੀ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਗਰਮੀ ਦੇ ਮੋਸਮ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਕਿਹਾ ਕਿ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਤੇ ਹੈਲਪਲਾਈਨ ਨੰਬਰ 1912 ਜਾਂ 96461-18974 ਸੰਪਰਕ ਕਰਨ ਅਤੇ ਉਨ੍ਹਾਂ ਭਰੋਸਾ ਦਵਾਇਆ ਕਿ ਕਰਮਚਾਰੀਆਂ ਦੇ ਹੜਤਾਲ ਤੇ ਹੋਣ ਦੇ ਬਾਵਜੂਦ ਵੀ ਤਕਨੀਕੀ ਮਾਹਿਰਾਂ ਵਲੋਂ ਤੁਰੰਤ ਬਿਜਲੀ ਦੀ ਸਪਲਾਈ ਨੂੰ ਫੋਰੀ ਤੌਰ ਤੇ ਚਾਲੂ ਕੀਤਾ ਜਾਵੇਗਾ।