ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਗੋਰਿਆਂ ਤੋਂ ਬਦਲਾ ਲੈਣ ਵਾਲੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੀਆਂ ਸੜਕਾਂ ਦੀ ਮਾੜੀ ਦਸ਼ਾ ਤੋਂ ਲੋਕ ਡਾਢੇ ਪ੍ਰੇਸ਼ਾਨ ਹੋ ਰਹੇ ਹਨ। ਸੜਕਾਂ ਤੇ ਪਏ ਟੋਇਆਂ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਹੋਇਆ ਹੈ। ਸੋਮਵਾਰ ਨੂੰ ਸੁਨਾਮ ਵਿਖੇ ਸੁਨਾਮ-ਬੁਢਲਾਡਾ ਸੜਕ ਤੇ ਪਏ ਟੋਇਆਂ ਤੋਂ ਖਫਾ ਹੋਏ ਇਲਾਕੇ ਦੇ ਲੋਕਾਂ ਨੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਇਕੱਤਰ ਹੋਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਜਿਲ੍ਹਾ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਸੁਨਾਮ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਵਿਕਾਸ ਕ੍ਰਾਂਤੀ ਦੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਸੁਨਾਮ ਜਖੇਪਲ ਬੁਢਲਾਡਾ ਰੋਡ ਤੇ ਸਥਿਤ ਸੁਨਾਮ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀ ਪੜ੍ਹਣ ਲਈ ਆਉਂਦੇ ਹਨ ਜਿਨ੍ਹਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਨਾਮ ਸ਼ਹਿਰ ਸਮੇਤ ਇਲਾਕੇ ਦੀਆਂ ਹੋਰ ਸੜਕਾਂ ਦੀ ਸਾਰ ਲਈ ਜਾਵੇ। ਇਸ ਮੌਕੇ ਸਾਬਕਾ ਸਰਪੰਚ ਹਰਮੇਸ਼ ਸਿੰਘ, ਟੋਨੀ ਸਿੰਘ, ਗੁਰਤੇਜ ਸਿੰਘ ਤੇਜੀ, ਹੈਪੀ ਸਿੰਘ, ਪੰਮਾ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ।