ਸੁਨਾਮ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੰਗਲਵਾਰ ਨੂੰ ਸੁਨਾਮ ਵਿਖੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੀ ਅਗਵਾਈ ਹੇਠ ਡੀ ਐਸ ਪੀ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਕਾਂਗਰਸ ਹਾਈਕਮਾਨ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਕਾਂਗਰਸ ਆਗੂਆਂ ਦੇ ਵਫ਼ਦ ਨੇ ਡੀਐਸਪੀ ਸੁਨਾਮ ਨੂੰ ਮੰਗ ਪੱਤਰ ਵੀ ਸੌਂਪਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਸ਼ੁਕਰਪਾਲ ਬਲਾਕ ਪ੍ਰਧਾਨ ਲੌਂਗੋਵਾਲ, ਡਿੰਪਲ ਗਰਗ ਬਲਾਕ ਪ੍ਰਧਾਨ ਚੀਮਾਂ ਮੰਡੀ, ਜਗਦੇਵ ਸਿੰਘ ਦੌਲਾ ਸਿੰਘ ਵਾਲਾ, ਕਰਮਜੀਤ ਕੌਰ ਮਾਡਲ ਟਾਊਨ, ਬੂਟਾ ਸਿੰਘ ਬੀਰਕਲਾਂ, ਪ੍ਰਮੋਦ ਅਵਸਥੀ, ਸੁਰਿੰਦਰ ਸਿੰਘ ਭਰੂਰ, ਭੋਲਾ, ਸ਼ਸ਼ੀ ਅਗਰਵਾਲ, ਕੁਲਜੀਤ ਸਿੰਘ ਬਡਰੁੱਖਾਂ, ਸਾਬਕਾ ਸਰਪੰਚ ਕਿਰਨਜੀਤ ਕੌਰ, ਜਸਵੰਤ ਸਿੰਘ ਭੰਮ, ਜਸਪਾਲ ਸਿੰਘ ਵਿਰਕ, ਜਗਦੇਵ ਸਿੰਘ ਜੱਗਾ, ਕਰਮਜੀਤ ਕੌਰ ਆਦਿ ਨੇ ਕਿਹਾ ਕਿ ਪੰਜਾਬ ਅੰਦਰ ਵਾਪਰ ਰਹੀਆਂ ਲੁੱਟਖੋਹ, ਚੋਰੀਆਂ ਅਤੇ ਕਤਲ ਡਕੈਤੀਆਂ ਦੀਆਂ ਘਟਨਾਵਾਂ ਕਾਰਨ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਆਪਣੇ ਆਪ ਨੂੰ ਕੋਈ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ। ਅਜਿਹਾ ਵਰਤਾਰਾ ਸਰਕਾਰ ਦੀ ਨਾਕਾਮੀ ਕਾਰਨ ਹੋ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਮਨ ਕਾਨੂੰਨ ਦੇ ਗੰਭੀਰ ਮੁੱਦੇ 'ਤੇ ਚੁੱਪ ਨਹੀਂ ਬੈਠੇਗੀ।