ਸਮੱਸਿਆ ਦੇ ਪੱਕੇ ਹੱਲ ਲਈ ਅਮਲੋਹ ਰੋਡ 'ਤੇ ਕੇਬਲਾਂ ਪਾਉਣ ਦਾ ਕੰਮ ਜਾਰੀ
ਮੰਡੀ ਗੋਬਿੰਦਗੜ੍ਹ : ਪਾਵਰਕੌਮ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ, ਜੇਕਰ ਕਿਸੇ ਵੀ ਖਪਤਕਾਰ ਨੂੰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਫੌਰੀ ਦੂਰ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਾਵਰਕੌਮ ਦੇ ਐਕਸੀਅਨ, ਮੰਡੀ ਗੋਬਿੰਦਗੜ੍ਹ, ਸ਼੍ਰੀ ਅਮਨ ਗੁਪਤਾ ਨੇ ਦੱਸਿਆ ਕਿ ਗਾਂਧੀਨਗਰ ਅਤੇ ਸੁਭਾਸ਼ ਨਗਰ ਏਰੀਆ 11 ਕੇ.ਵੀ. ਮੋਤੀਆ ਖਾਨ ਫੀਡਰ 'ਤੇ ਪੈਂਦਾ ਹੈ। ਦੋ ਦਿਨ ਪਹਿਲਾਂ ਇਸ ਫੀਡਰ ਦੇ ਬਰੇਕਰ 'ਤੇ ਤਕਨੀਕੀ ਨੁਕਸ ਪੈਣ ਕਾਰਨ ਇਸ ਦਾ ਲੋਡ 11 ਕੇ.ਵੀ. ਜਸੜਾਂ ਫੀਡਰ 'ਤੇ ਸ਼ਿਫਟ ਕੀਤਾ ਹੋਇਆ ਸੀ। ਗ੍ਰਿਡ 'ਤੇ ਨੁਕਸ ਦੂਰ ਕਰਨ ਉਪਰੰਤ ਹੁਣ ਇਸ ਦਾ ਲੋਡ ਦੁਬਾਰਾ ਤੋਂ 11 ਕੇ.ਵੀ. ਮੋਤੀਆ ਖਾਨ ਫੀਡਰ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਹੁਣ ਇਸ ਏਰੀਏ ਦੀ ਸਪਲਾਈ ਵੀ 11 ਕੇ.ਵੀ. ਮੋਤੀਆ ਖਾਨ ਫੀਡਰ ਤੋਂ ਹੀ ਚਲਦੀ ਹੈ।
ਸ਼੍ਰੀ ਗੁਪਤਾ ਨੇ ਦੱਸਿਆ ਕਿ ਮੋਤੀਆ ਖਾਨ ਫੀਡਰ ਅਮਲੋਹ ਰੋਡ 'ਤੇ ਪੈਂਦਾ ਹੈ ਅਤੇ ਇਸ ਫੀਡਰ ਦੇ ਨਾਲ-ਨਾਲ ਇੰਡਸਟਰੀਅਲ ਏਰੀਆ ਹੋਣ ਕਰਕੇ ਕਾਫੀ ਹੋਰ ਫੀਡਰ ਨਾਲ ਜਾਂਦੇ ਹਨ, ਜੇਕਰ ਕਿਸੇ ਹੋਰ ਦੂਸਰੇ ਫੀਡਰ 'ਤੇ ਨੁਕਸ ਪੈ ਜਾਵੇ ਤਾਂ ਸੇਫਟੀ ਪਰਪਜ਼ ਲਈ ਸਾਰੇ ਫੀਡਰਾਂ ਨੂੰ ਬੰਦ ਕਰਵਾਉਣ ਦੀ ਲੋੜ ਹੁੰਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਸਬੰਧੀ ਅਮਲੋਹ ਰੋਡ 'ਤੇ ਕੇਬਲਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਜੋ ਕਿ 60 ਫੀਸਦ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਅਕਤੂਬਰ ਅਖੀਰ ਤੱਕ 100 ਫੀਸਦ ਕੰਮ ਮੁਕੰਮਲ ਹੋ ਜਾਵੇਗਾ, ਜਿਸ ਨਾਲ ਇਸ ਏਰੀਏ ਦੀ ਬਿਜਲੀ ਸਪਲਾਈ ਹੋਰ ਵੀ ਦਰੁਸਤ ਹੋ ਜਾਵੇਗੀ।