ਨਵੀਂ ਦਿੱਲੀ : ਅੱਜ ਦੇਸ਼ ਵਿਚ ਈਦ-ਉਲ-ਫਿਤਰ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਸਣੇ ਕਈ ਲੋਕਾਂ ਨੇ ਈਦ ਦੀ ਵਧਾਈ ਦਿੱਤੀ ਹੈ। ਰਾਸ਼ਟਰਪਤੀ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਈਦ-ਉਲ-ਫਿਤਰ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕੋਵਿਡ -19 ਨੂੰ ਹਰਾਉਣ ਲਈ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਦੇਸ਼ ਅਤੇ ਸਮਾਜ ਦੇ ਭਲੇ ਲਈ ਕੰਮ ਕਰਨ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿਚ ਕਿਹਾ, 'ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਰਮਜ਼ਾਨ ਦੇ ਅੰਤ ਵਿਚ ਭਾਈਚਾਰੇ ਅਤੇ ਸਦਭਾਵਨਾ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਈਦ-ਉਲ-ਫਿਤਰ ਆਪਣੇ ਆਪ ਨੂੰ ਮਨੁੱਖਤਾ ਦੀ ਸੇਵਾ ਵੱਲ ਮੋੜਨ ਅਤੇ ਲੋੜਵੰਦਾਂ ਦੀ ਜ਼ਿੰਦਗੀ ਵਿਚ ਸੁਧਾਰ ਲਿਆਉਣ ਦੇ ਮੌਕੇ ਵਜੋਂ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ, 'ਆਓ ਅਸੀਂ ਸਾਰੇ ਇਕ ਵਾਅਦਾ ਕਰੀਏ ਕਿ ਕੋਵਿਡ -19 ਦੇ ਇਸ ਮਹਾਂਮਾਰੀ ਵਿੱਚ ਅਸੀਂ ਸਾਰੇ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਅਤੇ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਕੰਮ ਕਰਾਂਗੇ। ਇਸ ਮੌਕੇ, ਮੈਂ ਸਾਰੇ ਦੇਸ਼ ਵਾਸੀਆਂ, ਖਾਸਕਰ ਮੁਸਲਮਾਨ ਭਰਾਵਾਂ ਅਤੇ ਭੈਣਾਂ ਨੂੰ ਵਧਾਈ ਦਿੰਦਾ ਹਾਂ।