ਰਾਮਪੁਰਾ ਫੂਲ : ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਦੇ ਚੇਅਰਮੈਨ ਇੰਜਨੀਅਰ ਕਮਲੇਸ਼ ਸਰਾਫ ਅਤੇ ਵਾਈਸ ਚੇਅਰਮੈਨ ਅਮਿਤ ਸਰਾਫ ਦੁਆਰਾ ਛਿਮਾਹੀ ਇਮਤਿਹਾਨਾਂ ਦੀ ਸਮਾਪਤੀ ਤੋਂ ਬਾਅਦ ਕਲਾਸ ਲੈਵਲ 1 ਤੋਂ 3 ਦੇ ਵਿਦਿਆਰਥੀਆਂ ਦੇ ਮਨਾਂ ਨੂੰ ਤਰੋਤਾਜ਼ਾ ਕਰਨ ਲਈ ਇੱਕ ਰੋਜ਼ਾ ਵਿੱਦਿਅਕ ਦੌਰੇ ਦੀ ਮਨਜ਼ੂਰੀ ਦਿੱਤੀ ਗਈ। ਬੱਚੇ ਸਵੇਰੇ ਸਕੂਲ ਤੋਂ ਟੂਰ ਲਈ ਰਵਾਨਾ ਹੋਏ ਅਤੇ ਸਫ਼ਰ ਦੌਰਾਨ ਬੱਚਿਆਂ ਨੂੰ ਪਟਿਆਲਾ ਦੇ ਹੋਟਲ ਫਲਾਈ ਓਵਰ ਕਲਾਸਿਕ ਵਿਖੇ ਨਾਸ਼ਤਾ ਪਰੋਸਿਆ ਗਿਆ। ਚੰਡੀਗੜ੍ਹ ਪਹੁੰਚ ਕੇ ਬੱਚੇ ਬਹੁਤ ਉਤਸ਼ਾਹਿਤ ਅਤੇ ਖੁਸ਼ੀ ਨਾਲ ਨੱਚਦੇ ਨਜ਼ਰ ਆਏ। ਬੱਚਿਆਂ ਵਲੋਂ ਚੰਡੀਗੜ੍ਹ ਦੇ ਰੌਕ ਗਾਰਡਨ, ਛੱਤਬੀੜ ਚਿੜੀਆਘਰ, ਸੁਖਣਾ ਝੀਲ ਦਾ ਦੌਰਾ ਕੀਤਾ ਗਿਆ, ਉਹ ਚਿੜੀਆਘਰ ਦੇ ਜਾਨਵਰਾਂ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਸਨ। ਬੱਚਿਆਂ ਨੇ ਸੁਖਣਾ ਝੀਲ 'ਤੇ ਬੋਟਿੰਗ ਦਾ ਆਨੰਦ ਵੀ ਮਾਣਿਆ। ਰੌਕ ਗਾਰਡਨ ਵਿੱਚ ਰਹਿੰਦ-ਖੂੰਹਦ ਤੋਂ ਬਣੀਆਂ ਕਲਾਕ੍ਰਿਤੀਆਂ ਨੂੰ ਦੇਖ ਕੇ ਬੱਚੇ ਦੰਗ ਰਹਿ ਗਏ। ਇਸ ਟੂਰ ਦੌਰਾਨ ਅਧਿਆਪਕਾਂ ਨੇ ਬੱਚਿਆਂ ਦੀ ਸੁਰੱਖਿਆ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਨੇ ਦੱਸਿਆ ਕਿ ਟੂਰ ਆਯੋਜਿਤ ਕਰਨ ਦਾ ਉਦੇਸ਼ ਬੱਚਿਆਂ ਦਾ ਆਪਣੇ ਸਾਥੀਆਂ ਨਾਲ ਮਿਲਵਰਤਣ, ਮਦਦਗਾਰਤਾ ਅਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਕਰਨਾ ਹੈ।