ਮਾਲੇਰਕੋਟਲਾ : ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲਾ ਬਣਾਉਣ ਅਤੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਨਾਮ ਤੇ ਮੈਡੀਕਲ ਕਾਲਜ ਸਥਾਪਿਤ ਹੋਣ ਨਾਲ ਸ਼ਹਿਰ ਤਰੱਕੀ ਦੀਆਂ ਲੀਹਾਂ ਵੱਲ ਜਾਵੇਗਾ ਲੋਕਾਂ ਨੂੰ ਰੁਜਗਾਰ ਮਿਲੇਗਾ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਾਹਿਬਜਾਦਾ ਨਦੀਮ ਅਨਵਾਰ ਖਾਂ ਨੇ ਕੀਤਾ। ਉਨਾਂ ਕਿਹਾ ਕਿ ਮੈਡਮ ਰਜੀਆ ਸੁਲਤਾਨਾ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ ਅਤੇ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਅਤੇ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ ਉਲ ਫੀਤਰ ਦੇ ਤਿਉਹਾਰ ਮੌਕੇ ਪੂਰਾ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਨਾਂ ਦੱਸਿਆ ਕਿ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਲਈ ਸੁਰੂਆਤ 1994 ਵਿਚ ਉਹਨਾਂ ਦੇ ਮਰਹੂਮ ਪਿਤਾ ਹਾਜੀ ਅਨਵਾਰ ਖਾਂ ਵੱਲੋਂ ਕੀਤੀ ਗਈ ਸੀ ਜੋ ਕਿ ਆਖਰੀ ਦਮ ਤੱਕ ਜਾਰੀ ਰਹੀ ਅਤੇ 1995 ਵਿਚ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਜ਼ਿਲਾ ਬਣਾਉਣ ਦੀ ਮੰਗ ਅੱਗੇ ਨਹੀਂ ਵੱਧ ਸਕੀ । ਉਨਾਂ ਦੱਸਿਆ ਕਿ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਅਤੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਨਾਮ ਮੈਡੀਕਲ ਕਾਲਜ ਸਥਾਪਤ ਕਰਨ ਲਈ 50 ਕਰੋੜ ਰੁਪਏ, ਮਹਿਲਾਵਾਂ ਲਈ ਵੱਖਰਾ ਥਾਣਾ, ਸਹਿਰੀ ਵਿਕਾਸ ਲਈ 6 ਕਰੋੜ ਰੁਪਏ ਅਤੇ 12 ਕਰੋੜ ਦੇ ਜਾਰੀ ਕਰਨ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਣ ਕਰਕੇ ਮੈਡਮ ਰਜੀਆ ਸੁਲਤਾਨਾ ਵੱਲੋਂ ਵਾਅਦੇੇ ਪੂਰੇ ਕਰ ਦਿੱਤੇ ਹਨ। ਉਨਾਂ ਦੱਸਿਆ ਕਿ ਮਾਲੇਰਕੋਟਲਾ ਦੇ ਜ਼ਿਲਾ ਬਣਨ ਨਾਲ ਰੁਜਗਾਰ ਦੇ ਸਾਧਨਾ ਵਿਚ ਵਾਧਾ ਹੋਵੇਗਾ ਅਤੇ ਮਾਲੇਰਕੋਟਲਾ ਦੇ ਸਾਰੇ ਕੰਮ ਹੁਣ ਇੱਥੇ ਹੀ ਹੋਣਗੇ, ਸ਼ਹਿਰ ਤਰੱਕੀਆਂ ਦੀਆਂ ਲੀਹਾਂ ਨੂੰ ਛੁਹੇਗਾ। ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਸ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।