ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਲੋਕ ਬੁਕਿੰਗ ਦੇ ਪੈਸੇ ਦੇ ਕੇ ਅਤੇ ਕਿਸ਼ਤਾਂ ਭਰ ਕੇ ਅਪਣੇ ਘਰ ਵਿਚ ਜਾਣ ਦੀ ਉਡੀਕ ਕਰ ਰਹੇ ਹਨ। ਨੋਇਡਾ ਵਿਚ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਨ ਵਾਲੇ ਭਾਵਿਨ ਨੇ ਦਸੰਬਰ 2020 ਵਿਚ ਫ਼ਲੈਟ ਬੁਕ ਕੀਤਾ ਸੀ। ਉਸ ਦੇ ਬਿਲਡਰ ਨੇ ਮਈ ਤੋਂ ਪਹਿਲਾਂ ਮਕਾਨ ਦੇਣ ਦਾ ਵਾਅਦਾ ਕੀਤਾ ਸੀ ਪਰ ਲਾਕਡਾਊਨ ਕਾਰਨ ਦੀਵਾਲੀ ਤਕ ਵੀ ਉਸ ਨੂੰ ਮਕਾਨ ਮਿਲਣ ਦੇ ਆਸਾਰ ਨਹੀਂ ਹਨ। ਭਾਵਿਨ ਨੇ 65 ਲੱਖ ਰੁਪਏ ਵਿਚ ਘਰ ਬੁਕ ਕੀਤਾ ਸੀ ਤੇ 40 ਲੱਖ ਦਾ ਕਰਜ਼ਾ ਲਿਆ ਸੀ। ਉਹ 30,000 ਰੁਪਏ ਦੀ ਕਿਸ਼ਤ ਤਾਰ ਰਿਹਾ ਹੈ। ਹੁਣ ਉਹ ਘਰ ਦਾ ਕਿਰਾਇਆ ਦੇ ਰਿਹਾ ਹੈ। ਉਸ ਦੀ ਤਨਖ਼ਾਹ 80 ਹਜ਼ਾਰ ਰੁਪਏ ਹੈ। ਇਹੋ ਕਹਾਣੀ ਨੋਇਡਾ ਦੀ ਨੇਹਾ ਸਿੰਘ ਦੀ ਹੈ। ਉਸ ਨੇ ਗਾਜ਼ੀਆਬਾਦ ਦੀ ਸੁਸਾਇਟੀ ਵਿਚ ਘਰ ਬੁਕ ਕਰਾਇਆ ਹੋਇਟਾ ਹੈ। ਉਹ ਵੀ ਘਰ ਜਾਣ ਦੀ ਉਡੀਕ ਕਰ ਰਹੀ ਹੈ। ਜਿਹੜੇ ਘਰ ਅਪ੍ਰੈਲ ਵਿਚ ਬਣ ਕੇ ਤਿਆਰ ਹੋਣੇ ਸਨ, ਉਹ ਅਕਤੂਬਰ ਤਕ ਅੱਗੇ ਪੈ ਗਏ ਹਨ। ਲਾਕਡਾਊਨ ਕਾਰਨ ਉਸਾਰੀ ਰੁਕੀ ਹੋਈ ਹੈ, ਮਜ਼ਦੂਰ ਅਪਣੇ ਘਰਾਂ ਨੂੰ ਚਲੇ ਗਏ ਹਨ। ਮਟੀਰੀਅਲ ਦੀਆਂ ਕੀਮਤਾਂ ਵਿਚ ਵਾਧਾ, ਨਕਸ਼ਾ ਪਾਸ ਕਰਾਉਣ ਤੋਂ ਲੈ ਕੇ ਹੋਰ ਤਰ੍ਹਾਂ ਦੇ ਸਰਟੀਫ਼ੀਕੇਟ ਲੈਣ ਵਿਚ ਦੇਰੀ ਹੋ ਰਹੀ ਹੈ। ਕੋਰੋਨਾ ਦੀ ਦੂਜੀ ਲਹਿਰ ਨੇ ਜਨਤਕ ਜੀਵਨ ਨੂੰ ਤਹਿਸ-ਨਹਿਸ ਕਰ ਦਿਤਾ ਹੈ। ਬੈਂਕਾਂ ਤੋਂ ਮਿਲਣ ਵਾਲੇ ਕਰਜ਼ੇ ਵਿਚ ਵੀ ਸਮੱਸਿਆ ਆ ਰਹੀ ਹੈ।