ਵਾਸ਼ਿੰਗਟਨ : ਅਮਰੀਕਾ ਦੇ ਵਾਸ਼ਿੰਗਟਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਜ ਵਿਚ ਸਾਰੇ ਸਕੂਲ ਸਾਲ 2021-22 ਵਿਚ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਖੁਲ੍ਹਣਗੇ ਅਤੇ ਵਿਦਿਆਰਥੀ ਤੇ ਮੁਲਾਜ਼ਮਾਂ ਨੂੰ ਮਾਸਕ ਪਾਉਣਾ ਪਵੇਗਾ। ਵਾਸ਼ਿੰਗਟਨ ਰਾਜ ਦੇ ਸਿਹਤ ਵਿਭਾਗ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਕੋਰੋਨਾ ਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਹੈ। ਮਾਸਕ ਲਾਉਣ ਦਾ ਨਿਰਦੇਸ਼ ਵਿਵਾਦਾਂ ਵਿਚ ਘਿਰ ਸਕਦਾ ਹੈ ਕਿਉਂਕਿ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕਿਹਾ ਹੈ ਕਿ ਕੋਵਿਡ ਦੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੇ ਲੋਕਾਂ ਨੂੰ ਬਾਹਰ ਜਾਣ ਜਾਂ ਅੰਦਰ ਰਹਿਣ ’ਤੇ ਮਾਸਕ ਪਾਉਣ ਦੀ ਲੋੜ ਨਹੀਂ ਪਵੇਗੀ। ਹਾਲੇ ਵਾਸ਼ਿੰਗਟਨ ਵਿਚ 12 ਸਾਲ ਤੋਂ ਵੱਧ ਉਮਰ ਦੇ ਲੋਕ ਹੀ ਟੀਕਾ ਲਗਵਾ ਸਕਦੇ ਹਨ। ਵਾਸ਼ਿੰਗਟਨ ਵਿਚ ਕਰੀਬ 11 ਲੱਖ ਵਿਦਿਆਰਥੀ ਸਕੂਲਾਂ ਵਿਚ ਪੜ੍ਹਦੇ ਹਨ।