ਵਾਸ਼ਿੰਗਟਨ: ਆਪਣੇ ਪੇਸ਼ੇ ਪ੍ਰਤੀ ਕੋਈ-ਕੋਈ ਇਨਸਾਨ ਪੂਰੀ ਤਰ੍ਹਾਂ ਸਮਰਪਤ ਹੁੰਦਾ ਹੈ। ਖਾਸ ਕਰ ਕੇ ਜੇਕਰ ਡਾਕਟਰ ਹੋਵੇ ਅਤੇ ਉਹ ਆਪਣਾ ਫ਼ਰਜ਼ ਪੂਰੀ ਇਮਾਨਦਾਰੀ ਨਾਲ ਨਿਭਾਵੇਂ ਤਾਂ ਲੋਕਾਂ ਨੂੰ ਕਾਫੀ ਸੌਖ ਹੋ ਜਾਂਦੀ ਹੈ। ਇਸੇ ਤਰ੍ਹਾਂ ਦੀ ਮਿਸਾਲ ਅਮਰੀਕਾ ਵਿਖੇ ਵੇਖਣ ਨੂੰ ਮਿਲੀ ਹੈ ਜਿਥੇ ਇਕ ਡਾਕਟਰ ਪਰਵਾਰ ਕੋਰੋਨਾ ਕਾਲ ਸਮੇਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ ਇੰਡੀਆਨਾਪੋਲਿਸ ਸੂਬੇ ਰਹਿ ਰਹੇ ਇੱਕ ਪਰਿਵਾਰ ਦੇ 10 ਮੈਂਬਰ ਹਨ ਅਤੇ ਸਾਰੇ ਹੀ ਮੈਂਬਰ ਪੇਸ਼ੇ ਵਜੋਂ ਡਾਕਟਰ ਹਨ। ਇਹਨੀਂ ਦਿਨੀਂ ਇਸ ਪਰਿਵਾਰ ਦਾ ਜ਼ਿਆਦਾਤਰ ਸਮਾਂ ਵੀਡੀਓ ਚੈਟ, ਫੋਨ ਕਾਲ ਅਤੇ ਵਟਸਐਪ ਜ਼ਰੀਏ ਡਾਕਟਰੀ ਸਲਾਹ ਦੇਣ ਵਿਚ ਗੁਜ਼ਰਦਾ ਹੈ। ਪਰਿਵਾਰ ਦੀ ਮੈਂਬਰ ਡਾ. ਡੌਲੀ ਰਾਣੀ ਇਕ ਐਂਡੋਕਰੀਨੋਲੋਜਿਸਟ ਹੈ। ਉਹ ਭਾਰਤ ਤੋਂ ਆਉਣ ਵਾਲੇ ਹਰੇਕ ਫੋਨ ਜਾਂ ਮੈਸੇਜ ਦਾ ਤੁਰੰਤ ਜਵਾਬ ਦਿੰਦੀ ਹੈ ਅਤੇ ਲੋਕਾਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਪ੍ਰੇਰਿਤ ਕਰਦੀ ਹੈ। ਇਸ ਦੌਰਾਨ ਉਹ ਮਰੀਜ਼ਾਂ ਨੂੰ ਖਾਣ-ਪੀਣ ਤੋਂ ਇਲਾਵਾ ਹਸਪਤਾਲ ਜਾਣ ਸਬੰਧੀ ਸਲਾਹ ਦਿੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ, ‘ਇਹ ਸਮਾਂ ਜੰਗ ਦਾ ਹੈ। ਸੇਵਾ ਭਾਵਨਾ ਪਰਿਵਾਰ ਤੋਂ ਪੈਦਾ ਹੁੰਦੀ ਹੈ, ਇਸ ਲਈ ਅਪਣਿਆਂ ਨੂੰ ਇਕੱਲਾ ਨਹੀਂ ਛੱਡ ਸਕਦੇ। ਹਾਰ ਨਾ ਮੰਨੋ, ਹਿੰਮਤ ਰੱਖੋ। ਤੁਸੀਂ ਜਲਦ ਸਿਹਤਯਾਬ ਹੋ ਜਾਓਗੇ’। ਇਸ ਦੌਰਾਨ ਦਿੱਲੀ ਵਿਚ ਰਹਿ ਰਹੀ ਉਹਨਾਂ ਦੀ ਭੈਣ ਵੀ ਲੋੜਵੰਦਾਂ ਦੀ ਮਦਦ ਕਰਨ ਲਈ ਉਹਨਾਂ ਨੂੰ ਸਹਿਯੋਗ ਦੇ ਰਹੀ ਹੈ। ਉਹਨਾਂ ਨੇ ਇੰਡੀਆਨਾਪੋਲਿਸ ਪ੍ਰਸ਼ਾਸਨ ਅਤੇ ਮੈਡੀਕਲ ਐਸੋਸੀਏਸ਼ਨ ਦੀ ਮਦਦ ਨਾਲ 600 ਤੋਂ ਜ਼ਿਆਦਾ ਆਕਸੀਜਨ ਕੰਸਟ੍ਰਟੇਰ ਭਾਰਤ ਪਹੁੰਚਾਏ। ਡਾ. ਡੌਲੀ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਬਹੁਤ ਪ੍ਰੇਰਿਤ ਕੀਤਾ ਤੇ ਕਿਹਾ, ‘ਤੁਸੀਂ ਜੋ ਕੰਮ ਕਰ ਰਹੇ ਹੋ ਉਸ ਨੂੰ ਛੱਡਣਾ ਨਹੀਂ। ਅੱਜ ਤੁਹਾਡੀ ਸਾਰਿਆਂ ਨੂੰ ਲੋੜ ਹੈ’।