ਮੁੰਬਈ : ਕੇਰਲ, ਗੋਆ ਅਤੇ ਮੁੰਬਈ ਦੇ ਤੱਟੀ ਇਲਾਕਿਆਂ ਵਿੱਚ ਭਾਰੀ ਬਾਰਸ ਸ਼ੁਰੂ ਹੋ ਗਈ ਹੈ। ਇਹ ਗੁਜਰਾਤ ਦੇ ਤੱਟ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ-ਨਗਰ ਹਵੇਲੀ ਤੱਟ ਵੱਲ ਵਧ ਰਿਹਾ ਹੈ। ਮਹਾਰਾਸ਼ਟਰ ਦੀ ਰਾਜਧਾਨੀ ਵਿੱਚ ਦੁਪਹਿਰ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਗੋਆ ਦੇ ਨਾਲ-ਨਾਲ ਸਿੰਧੁਦੁਰਗ ਅਤੇ ਰਤਨਾਗਿਰੀ ਜ਼ਿਲੇ ਜ਼ਿਆਦਾਤਰ ਬਾਰਸ਼ ਅਤੇ ਤੇਜ਼ ਹਵਾਵਾਂ ਨਾਲ ਪ੍ਰਭਾਵਤ ਹੋਣਗੇ। ਹਵਾ ਦੀ ਗਤੀ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਦੱਖਣ-ਪੂਰਬ ਅਤੇ ਇਸ ਦੇ ਨਾਲ ਲੱਗਦੇ ਪੂਰਬੀ ਕੇਂਦਰੀ ਅਰਬ ਸਾਗਰ ’ਤੇ ਦਬਾਅ ਦਾ ਖੇਤਰ ਹੁਣ ਚੱਕਰਵਾਤੀ ਤੂਫਾਨ ‘ਤੌਕਤੇ’ ਵਿੱਚ ਬਦਲ ਗਿਆ ਹੈ। ਭਾਰਤੀ ਹਵਾਈ ਸੈਨਾ, ਨੇਵੀ ਅਤੇ ਰਾਸ਼ਟਰੀ ਡਿਜਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਚੱਕਰਵਾਤ ਤੌਕਤੇ ਨਾਲ ਨਜਿੱਠਣ ਦੀ ਤਿਆਰੀ ਕਰ ਰਹੀ ਹੈ। ਚੱਕਰਵਾਤ ਦੇ ਕਾਰਨ ਅਗਲੇ ਦਿਨਾਂ ’ਚ ਦੇਸ਼ ਦੇ ਪੱਛਮੀ ਤੱਟ ’ਤੇ ‘ਬਹੁਤ ਭਾਰੀ’ ਬਾਰਸ਼ ਹੋਣ ਦੀ ਸੰਭਾਵਨਾ ਹੈ। ਆਈਐਮਡੀ ਨੇ ਇੱਕ ‘ਓਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਦਾ ਅਰਥ ਹੈ ਕਿ ਐਤਵਾਰ ਅਤੇ ਸੋਮਵਾਰ ਨੂੰ ਪੱਛਮੀ ਮਹਾਰਾਸ਼ਟਰ ਦੇ ਸਾਰੇ ਕੋਨਕਣ ਅਤੇ ਪਹਾੜੀ ਖੇਤਰਾਂ, ਮੁੱਖ ਤੌਰ ’ਤੇ ਕੋਲਹਾਪੁਰ ਅਤੇ ਸਤਾਰਾ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਦੇ 6 ਜ਼ਿਲਿਆਂ ’ਤੇ ਇਸ ਦਾ ਕਾਫ਼ੀ ਬੁਰਾ ਅਸਰ ਪੈਣ ਵਾਲਾ ਹੈ। ਇਨਾਂ ਜ਼ਿਲਿਆਂ ਵਿੱਚ 73 ਦੇ ਕਰੀਬ ਪਿੰਡ ਇਸ ਨਾਲ ਪ੍ਰਭਾਵਤ ਹੋਏ ਹਨ। ਰਾਜ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।