ਨਵੀਂ ਦਿੱਲੀ : ਕੋਰੋਨਾ ਵੈਕਸੀਨ ’ਤੇ ਛਿੜਿਆ ਪੋਸਟਰ ਵਿਵਾਦ ਹੁਣ ਰਾਜਸੀ ਮੁੱਦਾ ਬਣ ਗਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਵਿਚ ਉਹ ਪੋਸਟਰ ਸਾਂਝਾ ਕੀਤਾ ਜਿਸ ’ਤੇ ਲਿਖਿਆ ਹੈ-ਮੋਦੀ ਜੀ, ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ? ਇਸ ਦੇ ਨਾਲ ਹੀ ਰਾਹੁਲ ਨੇ ਲਿਖਿਆ ਹੈ-ਮੈਨੂੰ ਵੀ ਗ੍ਰਿਫ਼ਤਾਰ ਕਰੋ। ਰਾਹੁਲ ਨੇ ਅਜਿਹਾ ਇਸ ਲਈ ਕਿਹਾ ਹੈ ਕਿਉਂਕਿ ਇਹ ਪੋਸਟਰ ਚਿਪਕਾਉਣ ’ਤੇ ਦਿੱਲੀ ਪੁਲਿਸ ਨੇ ਸਨਿਚਰਵਾਰ ਨੂੰ 25 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਨੇ ਵੀ ਟਵਿਟਰ ’ਤੇ ਇਹ ਪੋਸਟਰ ਪਾਇਆ ਹੈ। ਪੋਸਟਰ ਵਿਚ ਵੈਕਸੀਨ ਮੁਹਿੰਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ ਗਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਪੋਸਟਰ ਕਿਸ ਦੇ ਕਹਿਣ ’ਤੇ ਲਾਏ ਗਏ ਹਨ। ਰਾਹੁਲ ਨੇ ਕਿਹਾ ਕਿ ਪੋਸਟਰ ਵਿਚ ਸਹੀ ਸਵਾਲ ਚੁੱਕੇ ਗਏ ਹਨ ਪਰ ਪੁਲਿਸ ਨੇ 25 ਜਣਿਆਂ ਵਿਰੁਧ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਣਯੋਗ ਹੈ ਕਿ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਇਹ ਪੋਸਟਰ ਚਿਪਕਾਉਣ ਦੇ ਮਾਮਲੇ ਵਿੱਚ ਪੁਲਿਸ ਨੇ 25 ਐਫ਼.ਆਈ.ਆਰ. ਦਰਜ ਕੀਤੀਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਪੋਸਟਰਾਂ ਵਿੱਚ ਕਰੋਨਾ ਦੇ ਵਿਰੁਧ ਵੈਕਸੀਨੇਸ਼ਨ ਡਰਾਈਵ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਲੋਚਨਾ ਕੀਤੀ ਗਈ ਹੈ। ਦਿੱਲੀ ਵਿੱਚ ਕਈ ਹਿੱਸਿਆਂ ’ਤੇ ਪੋਸਟਰ ਲਗਾਏ ਗਏ ਸਨ। ਪੁਲਿਸ ਨੂੰ ਕੁੱਝ ਦਿਨ ਪਹਿਲਾਂ ਇਨ੍ਹਾਂ ਪੋਸਟਰਾਂ ਦੀ ਸੂਚਨਾ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਕਤ ਕਾਰਵਾਈ ਸ਼ਿਕਾਇਤਾਂ ’ਤੇ ਅਧਾਰ ’ਤੇ ਕੀਤੀ ਹੈ।