ਸੁਨਾਮ : ਸੂਬੇ ਅੰਦਰ ਝੋਨੇ ਦੀ ਢਿੱਲੀ ਖ਼ਰੀਦ, ਮੰਡੀਆਂ ਵਿੱਚੋਂ ਲਿਫਟਿੰਗ ਨਾ ਹੋਣ ਅਤੇ ਡੀਏਪੀ ਖ਼ਾਦ ਦੀ ਘਾਟ ਦੇ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਆਦੇਸ਼ਾਂ ਤਹਿਤ ਮੰਗਲਵਾਰ ਨੂੰ ਸੁਨਾਮ ਵਿਖੇ ਹਲਕਾ ਇੰਚਾਰਜ਼ ਰਾਜਿੰਦਰ ਦੀਪਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਐਸਡੀਐਮ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਐਸਡੀਐਮ ਪ੍ਰਮੋਦ ਸਿੰਗਲਾ ਨੂੰ ਪੰਜਾਬ ਦੇ ਰਾਜਪਾਲ ਦੇ ਨਾਂਅ ਕਿਸਾਨਾਂ ਦੇ ਹੱਕਾਂ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ਼ ਰਾਜਿੰਦਰ ਦੀਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਢਿੱਲੀ ਖਰੀਦ ਤੇ ਚੁਕਾਈ ਅਤੇ ਡੀਏਪੀ ਖ਼ਾਦ ਦੀ ਘਾਟ ਲਈ ਕੇਂਦਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨੇ ਝੋਨੇ ਦੀ ਖਰੀਦ ਸੁਚਾਰੂ ਬਣਾਉਣ ਲਈ ਅਗਾਊਂ ਪ੍ਰਬੰਧ ਨਹੀਂ ਕੀਤੇ ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਸਨਅਤ ਨਾਲ ਜੁੜੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਝੋਨੇ ਦੀ ਖਰੀਦ ਮਾਮਲੇ ਵਿੱਚ ਤੁਰੰਤ ਧਿਆਨ ਦੇਣ ਨੂੰ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਧਿਰ ਨੂੰ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਨਾਲ ਕਿੜ ਕੱਢ ਰਹੀਆਂ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਕੇਸਰ ਸਿੰਘ ਢੋਟ , ਦਰਸ਼ਨ ਸਿੰਘ ਚੀਮਾਂ, ਬਲਵਿੰਦਰ ਸਿੰਘ ਅਕਬਰਪੁਰ, ਦਰਬਾਰਾ ਸਿੰਘ ਚੀਮਾਂ, ਹਰਭਜਨ ਸਿੰਘ ਜਖੇਪਲ, ਦਰਸ਼ਨ ਸਿੰਘ ਬਿਜਲਪੁਰ, ਪ੍ਰਗਟ ਸਿੰਘ ਨਾਗਰਾ, ਜਸਪਾਲ ਸਿੰਘ, ਗੁਰਸੇਵਕ ਸਿੰਘ ਬਿਗੜਵਾਲ, ਦਵਿੰਦਰ ਸਿੰਘ, ਰਾਣਾ ਬਾਲਟੀਆਂ ਵਾਲਾ ਸਮੇਤ ਸੀਨੀਅਰ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਹਾਜ਼ਰ ਸਨ।