ਮੁੰਬਈ : ਮੁੰਬਈ ਨਗਰਪਾਲਿਕਾ ਨੇ ਚਕਰਵਾਤੀ ਤੂਫ਼ਾਨ ਤੌਕਤੇ ਨੂੰ ਲੈ ਕੇ ਜਾਰੀ ਚਿਤਾਵਨੀ ਦੇ ਚਲਦਿਆਂ ਕੋਵਿਡ 19 ਟੀਕਾਕਰਨ ਅਭਿਆਨ ਨੂੰ 17 ਮਈ ਨੂੰ ਵੀ ਰੋਕ ਰੱਖਣ ਦਾ ਫ਼ੈਸਲਾ ਲਿਆ ਹੈ। ਨਗਰਪਾਲਿਕਾ ਮੁਖੀ ਇਕਬਾਲ ਸਿੰਘ ਚਹਿਲ ਨੇ ਇਹ ਜਾਣਕਾਰੀ ਦਿਤੀ। ਬੀ.ਐਮ.ਸੀ. ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਭਾਰਤ ਮੌਸਮ ਵਿਗਿਆਨ ਵਿਭਾਗ ਦੀ ਚੱਕਰਵਾਤ ਸਬੰਧੀ ਚਿਤਾਵਨੀ ਨੂੰ ਧਿਆਨ ਵਿੱਚ ਰਖਦੇ ਹੋਏ 15 ਅਤੇ 16 ਮਈ ਨੂੰ ਕੋਈ ਟੀਕਾਕਰਨ ਨਹੀਂ ਕੀਤਾ ਜਾਵੇਗਾ।
ਚਹਿਲ ਨੇ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਨੂੰ ਹੁਣ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਲਾਗੂ ਕੀਤਾ ਜਾਵੇਗਾ। ਮੌਸਮ ਵਿਭਾਗ ਦੇ ਮੁਤਾਬਿਕ ਚੱਕਰਵਾਤ ਤੌਕਤੇ ਬੇਹੱਦ ਗੰਭੀਰ ਚਕਰਵਾਤੀ ਤੂਫ਼ਾਨ ਵਿੱਚ ਤਬਦੀਲ ਹੋ ਚੁਕਿਆ ਹੈ ਅਤੇ ਇਹ 17 ਮਈ ਦੀ ਸ਼ਾਮ ਨੂੰ ਗੁਜਰਾਤ ਦੇ ਤੱਟ ਕੋਲ ਪਹੁੰਚ ਸਕਦਾ ਹੈ। 18 ਮਈ ਨੂੰ ਸਵੇਰ ਭਾਵਨਗਰ ਜ਼ਿਲ੍ਹੇ ਵਿੱਚ ਮਹੁਵਾ ਅਤੇ ਪੋਰਬੰਦਰ ਤੋਂ ਲੰਘੇਗਾ। ਬੀ.ਐਮ.ਸੀ. ਦੇ ਇਕ ਅਧਿਕਾਰੀ ਨੇ ਪਹਿਲਾਂ ਦਸਿਆ ਸੀ ਕਿ ਤੂਫ਼ਾਨ ਤੌਕਤੇ ਦੇ ਸ਼ਹਿਰ ਕੋਲੋਂ ਲੰਘਣ ਦੀ ਚਿਤਾਵਨੀ ਦੇ ਚਲਦਿਆਂ ਸ਼ਹਿਰ ਵਿਚ ਕੋਵਿਡ ਦੇਖਭਾਲ ਕੇਂਦਰਾਂ ਵਿਚੋਂ 580 ਮਰੀਜ਼ਾਂ ਨੂੰ ਸਾਵਧਾਨੀ ਦੇ ਤੌਰ ’ਤੇ ਦੂਜੀਆਂ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ। ਇਸ ਦਰਮਿਆਨ ਚਹਿਲ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਕੋਵਿਡ 19 ਟੀਕੇ ਦੀਆਂ ਦੋ ਖੁਰਾਕਾਂ ਦੇ ਵਿਚਕਾਰਲਾ ਸਮਾਂ 16 ਤੋਂ 18 ਹਫ਼ਤੇ ਰੱਖਣ ਦੇ ਹੁਕਮ ਦਿੱਤੇ ਹਨ। ਇਸ ਲਈ ਸਿਹਤ ਕਰਮੀਆਂ ਅਤੇ ਹੋਰ ਮੋਰਚੇ ਦੇ ਕਰਮੀਆਂ ਤੋਂ ਇਲਾਵਾ ਕੋਈ ਵੀ ਭਵਿੱਖ ਵਿੰਚ ਕੋਵਿਡਸ਼ੀਲ ਦੀ ਦੂਜੀ ਖ਼ੁਰਾਕ ਲੈਣ ਦਾ ਹੱਕਦਾਰ ਨਹੀਂ ਕਿਉਕਿ ਹੋਰਨਾਂ ਸ਼ੇ੍ਰਣੀਆਂ ਲਈ ਟੀਕਾਕਰਨ ਇਕ ਮਈ ਤੋਂ ਸ਼ੁਰੂ ਹੋਇਆ ਸੀ।