ਕੋਲਕਾਤਾ: ਨਾਰਦਾ ਸਟਿੰਗ ਆਪਰੇਸ਼ਨ ਮਾਮਲੇ 'ਚ ਆਪਣੇ ਦੋ ਮੰਤਰੀਆਂ ਤੇ ਤ੍ਰਿਣਮੂਲ ਕਾਂਗਰਸ ਦੇ ਇੱਕ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਸਥਿਤ ਸੀਬੀਆਈ (CBI) ਦੇ ਦਫ਼ਤਰ 'ਚ ਪੁੱਜ ਗਏ ਹਨ। ਮਮਤਾ ਬੈਨਰਜੀ ਸਵੇਰੇ 10:50 ਵਜੇ ਨਿਜ਼ਾਮ ਪੈਲੇਸ ਸਥਿਤ ਸੀਬੀਆਈ ਦੇ ਦਫ਼ਤਰ ਪੁੱਜੇ। ਸੀਬੀਆਈ ਨੇ ਅੱਜ ਸਵੇਰੇ ਪੱਛਮੀ ਬੰਗਾਲ ਦੇ ਮੰਤਰੀ ਫ਼ਰਹਾਦ ਹਾਕਿਮ ਤੇ ਸੁਬਰੋਤੋ ਮੁਖਰਜੀ, ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮਦਨ ਮਿਤਰਾ ਤੇ ਸਾਬਕਾ ਮੰਤਰੀ ਸ਼ੋਭਨ ਚੈਟਰਜੀ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾਂਦਾ ਹੈ ਕਿ ਸਬੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਚੇਤਲਾ 'ਚ ਹਾਕਮ ਦੀ ਰਿਹਾਇਸ਼ਗਾਹ ਉੱਤੇ ਗਏ ਸਨ। 9 ਮਈ ਨੂੰ ਰਾਜਪਾਲ ਜਗਦੀਪ ਧਨਖੜ੍ਹ ਨੇ ਟੀਐਮਸੀ ਦੇ ਇਨ੍ਹਾਂ ਚਾਰ ਆਗੂਆਂ ਵਿਰੁੱਧ ਸੀਬੀਆਈ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪੱਛਮੀ ਬੰਗਾਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਸ਼ਾਰਦਾ ਸਕੈਮ ਤੇ ਨਾਰਦਾ ਸਕੈਮ ਲਗਾਤਾਰ ਚੱਲ ਰਹੇ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਸੀਬੀਆਈ ਕਰ ਰਹੀ ਹੈ। ਵੱਖੋ-ਵੱਖਰੇ ਆਗੂਆਂ ਦੇ ਨਾਂ ਇਨ੍ਹਾਂ ਮਾਮਲਿਆਂ 'ਚ ਆਏ ਹਨ। ਇਨ੍ਹਾਂ ਆਗੂਆਂ ਵਿਰੁੱਧ ਮਾਮਲੇ ਨੂੰ ਅੱਗੇ ਵਧਾਇਆ ਜਾਵੇ, ਇਸ ਬਾਰੇ ਰਾਜਪਾਲ ਤੋਂ ਇਜਾਜ਼ਤ ਲਈ ਗਈ ਸੀ। ਬੰਗਾਲ 'ਚ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਰਦਾ ਸਟਿੰਗ ਟੇਪਾਂ ਜੱਗ ਜ਼ਾਹਿਰ ਹੋਈਆਂ ਸਨ। ਇਨ੍ਹਾਂ ਸਟਿੰਗ ਆਪਰੇਸ਼ਨਜ਼ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਵਰਗੇ ਦਿਸਣ ਵਾਲੇ ਵਿਅਕਤੀਆਂ ਨੂੰ ਕੰਪਨੀ ਦੇ ਪ੍ਰਤੀਨਿਧਾਂ ਤੋਂ ਰੁਪਏ ਲੈਂਦੇ ਵਿਖਾਇਆ ਗਿਆ ਸੀ। ਸਟਿੰਗ ਆਪਰੇਸ਼ਨ ਕਥਿਤ ਤੌਰ ਉੱਤੇ ਨਾਰਦਾ ਨਿਊਜ਼ ਪੋਰਟਲ ਦੇ ਮੈਥਿਊ ਸੈਮੁਅਲ ਨੇ ਕੀਤਾ ਸੀ। ਇਹ ਸਟਿੰਗ ਆਪਰੇਸ਼ਨ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਖ਼ੂਬ ਹੰਗਾਮਾ ਮਚਿਆ ਤੇ ਮਾਮਲਾ ਹਾਈ ਕੋਰਟ ਪੁੱਜ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਗਈ। ਇਸ ਸਟਿੰਗ ਵਿੱਚ ਹੀ ਫ਼ਰਹਾਦ ਹਾਸ਼ਮੀ, ਸੁਬਰੋਤੋ ਮੁਖਰਜੀ ਤੇ ਸਾਬਕਾ ਮੇਅਰ ਸੋਵਨ ਚੈਟਰਜੀ ਦਾ ਨਾਂਅ ਸਾਹਮਣੇ ਆਇਆ ਸੀ।