ਫ਼ਰੀਦਕੋਟ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ ਸੀਐੱਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਫਰੀਦਕੋਟ ਵਿੱਚ ਮੁਫ਼ਤ ਯੋਗਾ ਦੀਆਂ ਕਲਾਸਾਂ ਵਿੱਚ ਲੋਕਾਂ ਨੂੰ ਯੋਗਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਦਾ ਜ਼ਿਲ੍ਹੇ ਦੇ ਲੋਕ ਵੱਡੀ ਗਿਣਤੀ ਵਿੱਚ ਲਾਹਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਯੋਗਾ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਹੋ ਕੇ ਸਵੇਰੇ ਅਤੇ ਸ਼ਾਮ ਨੂੰ ਲੱਗਣ ਵਾਲੀਆਂ ਇਨ੍ਹਾਂ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਨਾਲ ਸਾਡਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ ਅਤੇ ਯੋਗ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ
ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਵਿੱਚ ਕੁੱਲ 83 ਦੇ ਕਰੀਬ ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਜਨਤਾ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਸਬੰਧੀ ਲਾਭ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗ ਕਲਾਸਾਂ ਵਿੱਚ 2815 ਲੋਕਾਂ ਵੱਲੋਂ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਹੈ ।
ਉਨ੍ਹਾਂ ਕਿਹਾ ਕਿ ਯੋਗਾ ਸਿੱਖਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤਾ ਹੈ, ਜਿਸ ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ।