ਸੰਗਰੂਰ : ਸਹਾਇਕ ਕਮਿਸ਼ਨਰ ਸੰਗਰੂਰ ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ 30 ਨਵੰਬਰ 2024 ਨੂੰ ਮਸਤੂਆਣਾ ਸਾਹਿਬ ਵਿਖੇ ਸੰਤ ਤੇਜਾ ਸਿੰਘ ਹਾਲ ਵਿੱਚ ‘ਜ਼ਿਲ੍ਹਾ ਯੁਵਾ ਉਤਸਵ’ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਛੇ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਹੋਣਗੀਆਂ ਅਤੇ ਨਾਲ ਹੀ ਸਾਇੰਸ ਮੇਲਾ ਵੀ ਲਗਾਇਆ ਜਾਵੇਗਾ ਜਿਸ ਵਿੱਚ ਬੱਚੇ ਆਪਣਾ ਆਪਣਾ ਮਾਡਲ ਟੀਮ ਦੇ ਤੌਰ ‘ਤੇ ਜਾਂ ਫਿਰ ਇਕੱਲੇ ਵੀ ਆਪਣਾ ਮਾਡਲ ਸਾਇੰਸ ਮੇਲੇ ਵਿੱਚ ਪ੍ਰਦਰਸ਼ਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ’ ਜ਼ਿਲ੍ਹਾ ਯੁਵਾ ਉਤਸਵ’ ਵਿੱਚ ਪਹਿਲਾ ਮੁਕਾਬਲਾ ਭਾਸ਼ਣ ਦਾ ਦੂਸਰਾ ਮੁਕਾਬਲਾ ਕਵਿਤਾ ਦਾ, ਤੀਸਰਾ ਮੁਕਾਬਲਾ ਫੋਟੋਗ੍ਰਾਫੀ ਦਾ ਅਤੇ ਚੌਥਾ ਮੁਕਾਬਲਾ ਪੇਂਟਿੰਗ ਦਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਅਤੇ ਸਾਇੰਸ ਮੇਲੇ ਦੇ ਮੁਕਾਬਲਿਆਂ ਦੇ ਵੀ ਨਕਦ ਇਨਾਮ ਰੱਖੇ ਗਏ ਹਨ।
ਇਸ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫਸਰ ਰਾਹੁਲ ਸੈਣੀ ਵੱਲੋਂ ਜ਼ਿਲ੍ਹੇ ਦੇ ਸਾਰੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਦੇ ਇਸ ਸਮਾਗਮ ਦੇ ਜੇਤੂਆਂ ਨੂੰ ਸੂਬਾ ਪੱਧਰੀ ਸਮਾਗਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਵੱਖ ਵੱਖ-ਵਿਭਾਗਾਂ ਵੱਲੋਂ ਸਟਾਲਾਂ ਵੀ ਲਗਾਈਆਂ ਜਾਣਗੀਆਂ।
ਜ਼ਿਲ੍ਹਾ ਯੂਥ ਅਫਸਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਵਿਦਿਆਰਥੀ ਦੀ ਉਮਰ 15 ਤੋਂ 29 ਸਾਲ ਹੋਣੀ ਚਾਹੀਦੀ ਹੈ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਫਾਰਮ ਭਰਨਾ ਜ਼ਰੂਰੀ ਹੈ ਜੋ ਕਿ 25 ਨਵੰਬਰ ਤੱਕ ਨਹਿਰੀ ਯੁਵਾ ਕੇਂਦਰ ਦੀ ਈਮੇਲ ਆਈਡੀ
yc.nyk.sgr@gmail.com ‘ਤੇ ਮੇਲ ਕੀਤਾ ਜਾ ਸਕਦਾ ਹੈ ਜਾਂ ਫਿਰ ਦਫਤਰ ਵਿੱਚ ਦਸਤੀ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੋਰ ਕਿਸੇ ਵੀ ਜਾਣਕਾਰੀ ਲਈ 82795-08167 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।