ਸੁਨਾਮ : ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਰੁਖ਼ ਮੁੜ ਕਾਂਗਰਸ ਪਾਰਟੀ ਵੱਲ ਮੁੜਨ ਲੱਗਾ ਹੈ। ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਕੰਗਾਲੀ ਦੀ ਕਗਾਰ ਤੇ ਆਣ ਖਲੋਇਆ ਹੈ। ਵੀਰਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡਾਂ ਮੰਡੇਰ ਖੁਰਦ ਅਤੇ ਬੁਗਰਾਂ ਵਿਖੇ ਮੀਟਿੰਗਾਂ ਕਰਨ ਮੌਕੇ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਆਖਿਆ ਕਿ ਕਾਂਗਰਸ ਪਾਰਟੀ ਦੀਆਂ ਵਿਕਾਸ ਪੱਖੀ ਅਤੇ ਧਰਮ ਨਿਰਪੱਖ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਦਾ ਰੁਖ਼ ਮੁੜ ਕਾਂਗਰਸ ਵੱਲ ਮੁੜਣ ਲੱਗਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਯੋਜਨਾਵਾਂ ਉਲੀਕੀਆਂ ਅਤੇ ਆਰਥਿਕ ਤੌਰ ਤੇ ਵੀ ਸੂਬੇ ਨੂੰ ਸਥਿਰ ਰੱਖਿਆ। ਬੇਰੁਜ਼ਗਾਰੀ ਦੇ ਖਾਤਮੇ ਅਤੇ ਵਿਕਾਸ ਪੱਖੋਂ ਸੂਬੇ ਦੀ ਬਿਹਤਰੀ ਲਈ ਕੰਮ ਕਰਨ ਨੂੰ ਤਰਜੀਹ ਦਿੱਤੀ। ਇਹੀ ਕਾਰਨ ਹੈ ਕਿ ਲ਼ੋਕਾਂ ਨੂੰ ਕਾਂਗਰਸ ਪਾਰਟੀ ਵਿੱਚ ਹੀ ਆਪਣਾ ਭਵਿੱਖ ਦਿਖਾਈ ਦੇਣ ਲੱਗਿਆ ਹੈ। ਕਾਂਗਰਸੀ ਆਗੂ ਰਾਜਾ ਬੀਰਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਬਾਰੇ ਲੋਕਾਂ ਵਿੱਚ ਕੀਤੀ ਵਿਚਾਰ ਚਰਚਾ ਦੌਰਾਨ ਤੱਥ ਸਾਹਮਣੇ ਆਏ ਕਿ ਸੂਬੇ ਦੀ ਜਨਤਾ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਝੂਠ ਅਤੇ ਫ਼ਰੇਬ ਦੀ ਰਾਜਨੀਤੀ ਕਾਰਨ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਕੰਗਾਲੀ ਦੀ ਕਗਾਰ ਤੇ ਆ ਖੜਿਆ ਹੈ। ਵਿਕਾਸ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਜਦਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੜਕਾਂ ਸਣੇ ਹੋਰ ਜਨਤਕ ਥਾਵਾਂ ਦਾ ਬੁਰਾ ਹਾਲ ਹੋ ਰਿਹਾ ਹੈ। ਇਸ ਮੌਕੇ ਇੰਸਪੈਕਟਰ ਬਲਕਾਰ ਸਿੰਘ ਚੌਹਾਨ, ਬਲਵਿੰਦਰ ਸਿੰਘ ਧਾਲੀਵਾਲ, ਉਜਾਗਰ ਸਿੰਘ, ਦਲਜੀਤ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।