ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਜ਼ਿਲ੍ਹਾ ਆਗੂ ਸੁਖਦੇਵ ਸ਼ਰਮਾ, ਜਸਵੀਰ ਸਿੰਘ ਮੈਦੇਵਾਸ ਅਤੇ ਸੰਤ ਰਾਮ ਛਾਜਲੀ ਨੇ ਦੱਸਿਆ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਜਥੇਬੰਦੀ ਦੇ 101 ਮਰਜੀਵੜਿਆਂ ਦਾ ਜਥਾ 14 ਦਸੰਬਰ ਨੂੰ ਦਿੱਲੀ ਵੱਲ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਅਤੇ ਹਰਿਆਣਾ ਸਰਕਾਰ ਕਿਸਾਨਾਂ ਨੂੰ ਖ਼ਾਲੀ ਹੱਥ ਪੈਦਲ ਜਾਣ ਤੋਂ ਵੱਡੀਆਂ ਰੋਕਾਂ ਲਗਾ ਕੇ ਦਿੱਲੀ ਜਾਣ ਤੋਂ ਰੋਕ ਰਹੀ ਹੈ। ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਆਖਿਆ ਜਾ ਰਿਹਾ ਕਿ ਕਿਸਾਨਾਂ ਦੀ ਮੰਗਾਂ ਪੂਰੀਆਂ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਲੇਕਿਨ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਕਿਸਾਨਾਂ ਨੂੰ ਗੱਲਬਾਤ ਲਈ ਦਿੱਲੀ ਨਹੀਂ ਜਾਣ ਦੇ ਰਹੀਆਂ। ਕੇਂਦਰ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਤੇ ਤੁਲਿਆ ਹੋਇਆ ਹੈ। ਭਾਜਪਾ ਸਰਕਾਰਾਂ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਆਪਣੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਹੋਇਆ ਹੈ। ਇਸ ਮੌਕੇ ਟੇਕ ਸਿੰਘ ਚੋਟੀਆਂ, ਦਰਸ਼ਨ ਸਿੰਘ ਸੰਗਤਪੁਰਾ ਜਗਰੂਪ ਸਿੰਘ ਸੰਗਤਪੁਰਾ, ਮੁਖਤਿਆਰ ਸਿੰਘ, ਟੋਨੀ ਸਿੰਘ, ਅਮਰੀਕ ਸਿੰਘ, ਸੁਖਮਿੰਦਰ ਸਿੰਘ ਭਾਈ ਕੀ ਪਿਸ਼ੌਰ, ਬਿੱਲੂ ਨਮੋਲ, ਦਲਬਾਰਾ ਸਿੰਘ ਮੈਦੇਵਾਸ ਸਮੇਤ ਹੋਰ ਆਗੂ ਹਾਜ਼ਰ ਸਨ।